India Pakistan Match : ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਸ਼ੁਭਮ ਦੀ ਵਿਧਵਾ ਨੇ TV ਉਤੇ ਭਾਰਤ-ਪਾਕਿ ਮੈਚ ਦੇ ਬਾਈਕਾਟ ਦਾ ਸੱਦਾ ਦਿਤਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤੀ ਕ੍ਰਿਕਟਰਾਂ ਦੀ ਚੁੱਪੀ ਉਤੇ ਵੀ ਨਿਰਾਸ਼ਾ ਜ਼ਾਹਰ ਕੀਤੀ 

India Pakistan Match: Widow of Shubham killed in Pahalgam attack, calls for a boycott of the India-Pakistan match

India Pakistan Match : ਕਾਨਪੁਰ : ਪਹਿਲਗਾਮ ਅਤਿਵਾਦੀ ਹਮਲੇ ’ਚ ਮਾਰੇ ਗਏ ਕਾਨਪੁਰ ਦੇ ਇਕ ਕਾਰੋਬਾਰੀ ਦੀ ਵਿਧਵਾ ਨੇ ਇਸ ਐਤਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ 2025 ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਕ੍ਰਿਕਟ ਮੈਚ ਦਾ ਬਾਈਕਾਟ ਕਰਨ ਦਾ ਸੱਦਾ ਦਿਤਾ ਹੈ।

ਸ਼ੁਭਮ ਦਿਵੇਦੀ ਦੀ ਵਿਧਵਾ ਆਇਸ਼ਨਿਆ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵਲੋਂ ਪਹਿਲਗਾਮ ਵਰਗੇ ਅਤਿਵਾਦੀ ਹਮਲੇ ਤੋਂ ਬਾਅਦ ਵੀ ਦੋਹਾਂ ਦੇਸ਼ਾਂ ਵਿਚਕਾਰ ਮੈਚ ਖੇਡੇ ਜਾਣ ਦੀ ਇਜਾਜ਼ਤ ਦੇਣ ਦੀ ਆਲੋਚਨਾ ਕੀਤੀ ਕਿ ਉਸ ਦੇ ਪਤੀ ਸਮੇਤ 26 ਨਾਗਰਿਕਾਂ ਦੀ ਮੌਤ ਹੋ ਗਈ ਸੀ। 

ਆਇਸ਼ਨਿਆ ਨੇ ਮੈਚ ਕਰਵਾਉਣ ਦੇ ਫੈਸਲੇ ਨੂੰ ‘ਬਹੁਤ ਅਸੰਵੇਦਨਸ਼ੀਲ’ ਦਸਿਆ ਅਤੇ ਬੀ.ਸੀ.ਸੀ.ਆਈ. ਉਤੇ ਪੀੜਤਾਂ ਦੇ ਪਰਵਾਰਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਬੀ.ਸੀ.ਸੀ.ਆਈ. ਲਈ ਉਨ੍ਹਾਂ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਹੈ। ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਦਾ ਕੋਈ ਅਪਣਾ ਨਹੀਂ ਗਿਆ।’’ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘‘ਇਸ ਮੈਚ ਦਾ ਬਾਈਕਾਟ ਕਰਨ, ਇਸ ਨੂੰ ਟੈਲੀਵਿਜ਼ਨ ਉਤੇ ਨਾ ਵੇਖਣ।’’

ਆਇਸ਼ਨਿਆ ਨੇ ਭਾਰਤੀ ਕ੍ਰਿਕਟਰਾਂ ਦੀ ਚੁੱਪ ਉਤੇ ਵੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿਰੁਧ ਖੇਡਣ ਤੋਂ ਇਨਕਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕ੍ਰਿਕਟ ਨੂੰ ਕੌਮੀ ਖੇਡ ਮੰਨਿਆ ਜਾਂਦਾ ਹੈ, ਫਿਰ ਵੀ ਸਿਰਫ ਕੁੱਝ ਖਿਡਾਰੀਆਂ ਨੇ ਬਾਈਕਾਟ ਕਰਨ ਦੀ ਗੱਲ ਕੀਤੀ ਹੈ। ਬੀ.ਸੀ.ਸੀ.ਆਈ. ਕਿਸੇ ਨੂੰ ਵੀ ਬੰਦੂਕ ਦੀ ਨੋਕ ਉਤੇ ਖੇਡਣ ਲਈ ਮਜਬੂਰ ਨਹੀਂ ਕਰ ਸਕਦਾ। 

ਉਨ੍ਹਾਂ ਨੇ ਦਲੀਲ ਦਿਤੀ ਕਿ ਮੈਚ ਤੋਂ ਹੋਣ ਵਾਲੀ ਕੋਈ ਵੀ ਆਮਦਨ ਆਖਰਕਾਰ ਪਾਕਿਸਤਾਨ ਨੂੰ ਲਾਭ ਪਹੁੰਚਾਏਗੀ, ‘‘ਇਸ ਮੈਚ ਰਾਹੀਂ ਪਾਕਿਸਤਾਨ ਪਹੁੰਚਣ ਵਾਲਾ ਹਰ ਰੁਪਿਆ ਨਿਸ਼ਚਤ ਤੌਰ ਉਤੇ ਅਤਿਵਾਦ ਲਈ ਵਰਤਿਆ ਜਾਂਦਾ ਹੈ। ਖੇਡ ਕੇ, ਅਸੀਂ ਉਨ੍ਹਾਂ ਲੋਕਾਂ ਨੂੰ ਮਜ਼ਬੂਤ ਕਰ ਰਹੇ ਹਾਂ ਜੋ ਸਾਡੇ ਉਤੇ ਹਮਲਾ ਕਰਦੇ ਹਨ।’’

ਆਇਸ਼ਨਿਆ ਨੇ ਸਪਾਂਸਰਾਂ ਅਤੇ ਪ੍ਰਸਾਰਕਾਂ ਨੂੰ ਉਨ੍ਹਾਂ ਦੀ ਸ਼ਮੂਲੀਅਤ ਉਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਜਨਤਕ ਬਾਈਕਾਟ ਦੀ ਅਪਣੀ ਬੇਨਤੀ ਨੂੰ ਦੁਹਰਾਉਂਦਿਆਂ ਆਇਸ਼ਨਿਆ ਨੇ ਕਿਹਾ, ‘‘ਜੇ ਤੁਸੀਂ ਉਸ ਦਿਨ ਅਪਣਾ ਟੀਵੀ ਨਹੀਂ ਚਾਲੂ ਕਰਦੇ ਹੋ, ਤਾਂ ਕੋਈ ਦਰਸ਼ਕ ਨਹੀਂ ਹੋਣਗੇ ਅਤੇ ਨਾ ਹੀ ਕੋਈ ਆਮਦਨੀ ਹੋਵੇਗੀ। ਤਾਂ ਹੀ ਤਬਦੀਲੀ ਲਿਆਂਦੀ ਜਾ ਸਕਦੀ ਹੈ।’’