ਬੇਂਗਲੁਰੂ 'ਚ ਐਚਏਐਲ ਕਰਮਚਾਰੀਆਂ ਨੂੰ ਮਿਲੇ ਰਾਹੁਲ ਗਾਂਧੀ, ਕਿਹਾ ਰਾਫੇਲ ਤੁਹਾਡਾ ਹੱਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਮੁਖੀ ਨੇ ਐਚਏਐਲ ਦੀ ਕਾਬਲਿਅਤ ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਇਹ ਇਕਲੌਤੀ ਅਜਿਹੀ ਕੰਪਨੀ ਹੈ ਜਿਸ ਕੋਲ ਏਅਰਕਰਾਫਟ ਬਣਾਉਣ ਦਾ ਤਜ਼ਰਬਾ ਹੈ।

HAL Bengaluru

ਬੇਂਗਲੁਰੂ, ( ਭਾਸ਼ਾ ) :  ਰਾਫੇਲ ਵਿਵਾਦ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਤੇ ਸਵਾਲ ਚੁਕੱਦੇ ਰਹੇ ਹਨ। ਬੇਂਗਲੁਰੂ ਵਿਚ ਹਿੰਦੁਸਤਾਨ ਏਅਰੋਨਾਟਿਕਸ ਲਿਮਿਟੇਡ  (ਐਚਏਐਲ ) ਦੇ ਕਰਮਚਾਰੀਆਂ ਨਾਲ ਅਪਣੀ ਮੁਲਾਕਾਤ ਵਿਚ ਉਨਾਂ ਫਿਰ ਰਾਫੇਲ ਡੀਲ ਤੇ ਸਵਾਲ ਕੀਤਾ। ਕਾਂਗਰਸ ਮੁਖੀ ਨੇ ਐਚਏਐਲ ਦੀ ਕਾਬਲਿਅਤ ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਇਹ ਇਕਲੌਤੀ ਅਜਿਹੀ ਕੰਪਨੀ ਹੈ ਜਿਸ ਕੋਲ ਏਅਰਕਰਾਫਟ ਬਣਾਉਣ ਦਾ ਤਜ਼ਰਬਾ ਹੈ। ਉਨ੍ਹਾਂ ਨੇ ਐਚਏਐਲ ਦੇ ਕਰਮਚਾਰੀਆਂ ਨੂੰ ਕਿਹਾ ਕਿ ਰਾਫੇਲ ਸੌਦੇ ਤੇ ਅਸਲੀ ਹੱਕ ਤੁਹਾਡਾ ਬਣਦਾ ਹੈ।

ਦਸ ਦਈਏ ਕਿ ਕੇਂਦਰ ਸਰਕਾਰ ਨੇ ਫਰਾਂਸ ਸਰਕਾਰ ਦੇ ਨਾਲ 58 ਕਰੋੜ ਰੁਪਏ ਵਿਚ 36 ਰਾਫੇਲ ਲੜਾਕੂ ਜਹਾਜਾਂ ਦੀ ਖਰੀਦ ਦਾ ਸੌਦਾ ਤੈਅ ਕੀਤਾ ਹੈ। ਰਾਫੇਲ ਨੂੰ ਬਣਾਉਣ ਵਾਲੀ ਫਰਾਂਸੀਸੀ ਕੰਪਨੀ ਦੈਸਾ ਨੇ ਜਹਾਜਾਂ ਦੇ ਨਿਰਮਾਣ ਲਈ ਅਨਿਲ ਅੰਬਾਨੀ ਦੀ ਕੰਪਨੀ ਨੂੰ ਆਫਸੈਟ ਪਾਰਟਨਰ ਦੇ ਤੌਰ ਤੇ ਚੁਣਿਆ ਹੈ। ਯੂਪੀਏ ਦੀ ਮਨਮੋਹਨ ਸਿੰਘ ਸਰਕਾਰ ਦੌਰਾਨ ਐਚਏਐਲ ਨੂੰ ਦੇਸਾ ਦਾ ਪਾਰਟਨਰ ਚੁਣਿਆ ਜਾਣਾ ਸੀ। ਕਾਂਗਰਸ ਮੁਖੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਤੇ ਹਮਲਾ ਕਰਦੇ ਹੋਏ ਅਨਿਲ ਅੰਬਾਨੀ ਦੀ ਕੰਪਨੀ ਨੂੰ ਦੈਸਾ ਦਾ ਪਾਰਟਨਰ ਚੁਣੇ ਜਾਣ ਤੇ ਸਵਾਲ ਚੁੱਕ ਰਹੇ ਹਨ।

ਐਚਏਐਲ ਕਰਮਚਾਰੀਆਂ ਨਾਲ ਮੁਲਾਕਾਤ ਦੌਰਾਨ ਰਾਹੁਲ ਨੇ ਕੰਪਨੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਕੋਈ ਸਾਧਾਰਣ ਕੰਪਨੀ ਨਹੀਂ ਹੈ। ਇਸ ਕੰਪਨੀ ਦੇ ਨਾਲ ਕੰਮ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਇਥੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਹਨ। ਇਸ ਦੌਰਾਨ ਰਾਹੁਲ ਨੇ ਸਾਫ ਕਿਹਾ ਕਿ ਅਸਲ ਵਿਚ ਰਾਫੇਲ ਤੇ ਐਚਏਐਲ ਦਾ ਹੱਕ ਹੈ। ਬੇਂਗਲੁਰੂ ਵਿਚ ਐਚਏਐਲ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਦੇ ਬਹਾਨੇ ਰਾਹੁਲ ਨੇ ਸਪਸ਼ੱਟ ਤੌਰ ਤੇ ਕਿਹਾ ਕਿ ਆਧੁਨਿਕ ਭਾਰਤ ਵਿਚ ਸੰਸਥਾਵਾਂ ਤੇ ਹਮਲਾ ਕੀਤਾ ਜਾ ਰਿਹਾ ਹੈ

ਅਤੇ ਉਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸੀਂ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਦੇ ਸਕਦੇ। ਦਸ ਦਈਏ ਕਿ ਰਾਹੁਲ ਨੇ ਇਸ ਤੋਂ ਪਹਿਲਾਂ ਟਵੀਟ ਕਰਕੇ ਕਿਹਾ ਸੀ ਕਿ ਐਚਏਐਲ ਭਾਰਤ ਦੀ ਰਣਨੀਤਕ ਜਾਇਦਾਦ ਹੈ ਅਤੇ ਉਸ ਤੋਂ ਰਾਫੇਲ ਦਾ ਆਰਡਰ ਖੋਹ ਕੇ ਅਨਿਲ ਅੰਬਾਨੀ ਨੂੰ ਤੋਹਫਾ ਦੇ ਕੇ ਦੇਸ਼ ਦੇ ਏਅਰੋਸਪੇਸ ਇੰਡਟਸਰੀ ਦੇ ਭਵਿੱਖ ਨੂੰ ਬਰਬਾਦ ਕੀਤਾ ਗਿਆ ਹੈ। ਸ਼ਨੀਵਾਰ ਨੂੰ ਬੇਂਗਲੁਰੂ ਵਿਚ ਐਚਏਐਲ ਕਰਮਚਾਰੀਆਂ ਨਾਲ ਮੁਲਾਕਾਤ ਦੌਰਾਨ ਰਾਹੁਲ ਨੇ ਕਿਹਾ ਕਿ ਤੁਹਾਡੇ ਸਾਰਿਆਂ ਦੀਆਂ ਮੁਸ਼ਕਲਾਂ ਮੈਂ ਸਮਝਦਾ ਹਾਂ।

ਮੈਂ ਤੁਹਾਡੀ ਪਰੇਸ਼ਾਨੀ ਸੁਣਨ ਆਇਆ ਹਾਂ। ਰਾਹੁਲ ਨੇ ਕਿਹਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਕੁਝ ਚੋਣਵੇਂ ਖੇਤਰਾਂ ਵਿਚ ਦਾਖਲੇ ਲਈ ਰਣਨੀਤਕ ਜਾਇਦਾਦਾਂ ਦਾ ਨਿਰਮਾਣ ਕੀਤਾ ਗਿਆ, ਏਅਰੋਸਪੇਸ ਦੇ ਖੇਤਰ ਵਿਚ ਐਚਏਐਲ ਅਜਿਹੀ ਹੀ ਜਾਇਦਾਦ ਹੈ। ਰਾਹੁਲ ਨੇ ਕਿਹਾ ਕਿ ਸਰਕਾਰ ਨੇ ਤੁਹਾਡੇ ਤੋਂ ਡੀਲ ਖੋਹਕੇ ਤੁਹਾਡਾ ਅਪਮਾਨ ਕੀਤਾ ਹੈ। ਪਰ ਮੈਂ ਜਾਣਦਾ ਹਾਂ ਕਿ ਉਹ ਮਾਫੀ ਨਹੀਂ ਮੰਗਣਗੇ। ਉਨਾਂ ਵੱਲੋਂ ਮੈਂ ਮੁਆਫੀ ਮੰਗਦਾ ਹਾਂ। ਨਾਲ ਹੀ ਤੁਹਾਨੂੰ ਵਾਦਾ ਕਰਦਾਂ ਹਾਂ ਕਿ ਅਸੀਂ ਤੁਹਾਡੇ ਹੱਕਾਂ ਲਈ ਲ਼ੜਦੇ ਰਹਾਂਗੇ।

ਐਚਏਐਲ ਅਤੇ ਅਨਿਲ ਅੰਬਾਨੀ ਦੀ ਕੰਪਨੀ ਵਿਚ ਕੋਈ ਮੁਕਾਬਲਾ ਨਹੀਂ ਹੈ। ਰਾਹੁਲ ਨੇ ਐਚਏਐਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਸਲ ਵਿਚ ਰਾਫੇਲ ਤੁਹਾਡਾ ਹੱਕ ਹੈ। ਤੁਹਾਡੇ ਕੋਲ ਜਹਾਜ ਬਣਾਉਣ ਦਾ ਤਜ਼ਰਬਾ ਹੈ। ਅੰਬਾਨੀ ਦੀ ਕੰਪਨੀ ਕੋਲ ਨਾ ਤਾਂ ਤਜ਼ਰਬਾ ਹੈ ਅਤੇ ਨਾ ਹੀ ਸਮਰੱਥਾ। ਮੈਂ ਪੁਛਣਾ ਚਾਹੁੰਦਾ ਹਾਂ ਕਿ ਅੰਬਾਨੀ ਨੂੰ ਇਸਦਾ ਠੇਕਾ ਕਿਉਂ ਦਿਤਾ ਗਿਆ? ਰਾਹੁਲ ਨੇ ਕਿਹਾ ਕਿ ਐਚਏਐਲ ਦੇ ਕਰਮਚਾਰੀਆਂ ਨੇ ਜੋ ਕੰਮ ਦੇਸ਼ ਲਈ ਕੀਤਾ ਹੈ ਉਹ ਬੇਮਿਸਾਲ ਹੈ ਅਤੇ ਇਸਦੇ ਲਈ ਦੇਸ਼ ਤੁਹਾਡਾ ਧੰਨਵਾਦੀ ਹੈ।

ਦਸ ਦਈਏ ਕਿ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਰਾਫੇਲ ਵਿਵਾਦ ਨੂੰ ਲੈ ਕੇ ਦੋਸ਼ ਲਗਾਇਆ ਹੈ ਕਿ ਦੇਸ਼ ਦੀ ਸੱਭ ਤੋਂ ਸਨਮਾਨਜਨਕ ਕੰਪਨੀ ਐਚਏਐਲ ਤੋਂ ਡੀਲ ਖੋਹ ਕੇ ਅੰਬਾਨੀ ਨੂੰ ਸੌਂਪੀ ਗਈ ਹੈ। ਕਾਂਗਰਸ ਦਾ ਇਹ ਵੀ ਕਹਿਣਾ ਹੈ ਕਿ ਐਚਏਐਲ ਨਾਲ ਡੀਲ ਰੱਦ ਹੋਣ ਤੋਂ ਬਾਅਦ 10 ਹਜ਼ਾਰ ਲੋਕਾਂ ਨੂੰ ਕੱਢਿਆ ਜਾ ਰਿਹਾ ਹੈ। ਰਾਹੁਲ ਨੇ ਅਪਣੇ ਟਵੀਟ ਵਿਚ ਲਿਖਿਆ ਕਿ ਆਓ ਭਾਰਤ ਦੀ ਰੱਖਿਆ ਕਰਨ ਵਾਲਿਆਂ ਦੇ ਗੌਰਵ ਦੀ ਰੱਖਿਆ ਕਰੀਏ।

ਦੂਜੇ ਪਾਸੇ ਇਸ ਮੌਕੇ ਤੇ ਸਾਬਕਾ ਇੰਜੀਨੀਅਰ ਭਾਰਤੀ ਹਵਾਈ ਫੌਜ ਬਾਬੂ ਟੀ. ਰਾਘਵ ਨੇ ਦਸਿਆ ਕਿ ਐਚਏਐਲ ਇਕਲੌਤੀ ਅਜਿਹੀ ਕੰਪਨੀ ਸੀ ਜਿਸ ਕੋਲ ਰੂਸੀ ਤਕਨੀਕ ਦੇ ਨਾਲ ਕੰਮ ਕਰਨ ਦਾ ਮੌਕਾ ਸੀ। ਇਹ ਏਸ਼ੀਆ ਦਾ ਸਭ ਤੋਂ ਵਧੀਆ ਸਗੰਠਨ ਹੈ। ਉਥੇ ਹੀ ਐਚਏਐਲ ਦੇ ਸਾਬਕਾ ਕਰਮਚਾਰੀ ਮਹਾਦੇਵਨ ਨੇ ਕਿਹਾ ਕਿ ਨਿਜੀ ਖੇਤਰ ਨੂੰ ਰੱਖਿਆ ਉਤਪਾਦਨ ਦਾ ਕੰਮ ਨਹੀਂ ਦਿਤਾ ਜਾ ਸਕਦਾ ਹੈ।

ਇਹ ਇਕ ਰਣਨੀਤਕ ਕੰਮ ਹੈ। ਦਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਰਾਹੁਲ ਗਾਂਧੀ ਰਾਫੇਲ ਡੀਲ ਨੂੰ ਲੈ ਕੇ ਮੋਦੀ ਸਰਕਾਰ ਤੇ ਤਿੱਖਾ ਹਮਲਾ ਕਰ ਰਹੇ ਹਨ। ਪਿਛਲੇ ਦਿਨੀ ਫਰਾਂਸ ਦੀ ਇਨਵੇਸਟੀਗੇਟਿਵ ਵੈਬਸਾਈਟ ਮੀਡੀਆ ਪਾਰਟ ਦੀ ਨਵੀਂ ਰਿਪੋਰਟ ਦਾ ਹਵਾਲਾ ਦੇ ਕੇ ਪੀਐਮ ਮੋਦੀ ਨੂੰ ਭ੍ਰਿਸ਼ਟ ਦਸਿਆ ਸੀ। ਮੀਡੀਆਪਾਰਟ ਵੈਬਸਾਈਟ ਦੇ ਕੋਲ ਮੋਜੂਦ ਦੇਸਾ ਦੇ ਕਥਿਤ ਦਸਤਾਵੇਜ਼ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਉਨ੍ਹਾਂ ਦੇ ਕੋਲ ਰਿਲਾਇੰਸ ਨੂੰ ਪਾਰਟਨਰ ਚੁਣਨ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ।