ਸੁਸ਼ਾਂਤ ਕੇਸ : ਕਰਨ ਜੌਹਰ ਸਮੇਤ 7 ਫਿਲਮੀ ਹਸਤੀਆਂ ਨੂੰ ਬਿਹਾਰ ਅਦਾਲਤ ਦਾ ਨੋਟਿਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹਨਾਂ ਹਸਤੀਆਂ ਨੂੰ ਆਪਣੇ ਆਪ ਜਾਂ ਆਪਣੇ ਵਕੀਲ ਰਾਹੀਂ 21 ਅਕਤੂਬਰ ਨੂੰ ਪੇਸ਼ ਹੋਣ ਦਾ ਦਿੱਤਾ ਆਦੇਸ਼ 

Sushant Case : Bihar Court Sent Notice To these 7 Stars Including Karan Johar

ਮੁਜ਼ੱਫਰਪੁਰ - ਮੁਜ਼ੱਫਰਪੁਰ ਦੀ ਅਦਾਲਤ ਨੇ ਸੁਸ਼ਾਂਤ ਸਿੰਘ ਰਾਜਪੂਤ ਕੇਸ ਦੇ ਮਾਮਲੇ ਵਿਚ ਫਿਲਮ ਨਿਰਦੇਸ਼ਕ ਕਰਨ ਜੌਹਰ ਸਣੇ 7 ਫਿਲਮੀ ਸ਼ਖਸੀਅਤਾਂ ਨੂੰ ਨੋਟਿਸ ਜਾਰੀ ਕੀਤੇ ਹਨ। ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਕੇਸ਼ ਮਾਲਵੀਆ ਦੀ ਅਦਾਲਤ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਆਪ ਜਾਂ ਆਪਣੇ ਵਕੀਲ ਰਾਹੀਂ 21 ਅਕਤੂਬਰ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਜਿਨ੍ਹਾਂ ਨੂੰ ਨੋਟਿਸ ਦਿੱਤੇ ਗਏ ਹਨ ਉਨ੍ਹਾਂ ਵਿਚ ਕਰਨ ਜੌਹਰ, ਆਦਿੱਤਿਆ ਚੋਪੜਾ, ਸੰਜੇ ਲੀਲਾ ਭੰਸਾਲੀ, ਸਾਜਿਦ ਨਾਡੀਆਡਵਾਲਾ, ਏਕਤਾ ਕਪੂਰ, ਭੂਸ਼ਨ ਕੁਮਾਰ ਅਤੇ ਦਿਨੇਸ਼ ਵਿਜੇ ਸ਼ਾਮਲ ਹਨ।

ਮੁਜ਼ੱਫਰਪੁਰ ਦੇ ਵਕੀਲ ਸੁਧੀਰ ਓਝਾ ਨੇ 17 ਜੂਨ ਨੂੰ ਮੁਜ਼ੱਫਰਪੁਰ ਦੀ ਸੀਜੇਐਮ ਅਦਾਲਤ ਵਿਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਸੁਸ਼ਾਂਤ ਦੀ ਮੌਤ ਲਈ ਜ਼ਿੰਮੇਵਾਰ ਸਲਮਾਨ ਖਾਨ ਸਣੇ ਇਨ੍ਹਾਂ ਸਾਰੀਆਂ ਫਿਲਮੀ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਸੀਜੇਐਮ ਕੋਰਟ ਨੇ ਇਹ ਕਹਿੰਦਿਆਂ ਕੇਸ ਰੱਦ ਕਰ ਦਿੱਤਾ ਕਿ ਇਹ ਅਧਿਕਾਰ ਖੇਤਰ ਤੋਂ ਬਾਹਰ ਹੈ, ਤਾਂ ਸੁਧੀਰ ਓਝਾ ਨੇ ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਇੱਕ ਸੋਧ ਮੁਕੱਦਮਾ ਦਾਇਰ ਕੀਤਾ ਸੀ। ਜ਼ਿਲ੍ਹਾ ਜੱਜ ਦੀ ਅਦਾਲਤ ਵਿਚ ਦਾਇਰ ਸੋਧ ਮੁਕੱਦਮੇ ਦੀ ਸੁਣਵਾਈ ਕਰਦਿਆਂ ਉਨ੍ਹਾਂ ਸਾਰਿਆਂ ਨੂੰ 7 ਅਕਤੂਬਰ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਗਿਆ ਸੀ। 

7 ਅਕਤੂਬਰ ਦੀ ਤਾਰੀਖ ਨੂੰ ਸਲਮਾਨ ਖਾਨ ਨੇ ਇੱਕ ਵਕੀਲ ਰਾਹੀਂ ਹਾਜ਼ਰੀ ਭਰੀ ਸੀ, ਪਰ ਬਾਕੀ ਸੱਤ ਗੈਰਹਾਜ਼ਰ ਰਹੇ। ਇਸ ਦੇ ਮੱਦੇਨਜ਼ਰ ਇਨ੍ਹਾਂ ਸਾਰਿਆਂ ਖਿਲਾਫ਼ ਇਕ ਨੋਟਿਸ ਜਾਰੀ ਕੀਤਾ ਗਿਆ ਹੈ। ਐਡਵੋਕੇਟ ਸੁਧੀਰ ਓਝਾ ਨੇ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ਸੁਸ਼ਾਂਤ ਤੋਂ ਫਿਲਮਾਂ ਖੋਹਣ ਦੀ ਸਾਜਿਸ਼ ਰਚੀ ਸੀ, ਜਿਸ ਤੋਂ ਬਾਅਦ ਸੁਸ਼ਾਂਤ ਲਗਾਤਾਰ ਉਦਾਸ ਰਹਿਣ ਲੱਗ ਪਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ।

ਐਡਵੋਕੇਟ ਓਝਾ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਹੋਣਾ ਪਵੇਗਾ ਅਤੇ ਆਪਣਾ ਪੱਖ ਰੱਖਣਾ ਪਵੇਗਾ।  ਜਾਣਕਾਰੀ ਅਨੁਸਾਰ ਸੀਬੀਆਈ ਅਜੇ ਵੀ ਇਸ ਬਹੁਚਰਚਿਤ ਮਾਮਲੇ ਬਾਰੇ ਜਾਂਚ ਕਰ ਰਹੀ ਹੈ। ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿਚ ਡਰੱਗਜ਼ ਕਨੈਕਸ਼ਨ ਵੀ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਕਈ ਫਿਲਮੀ ਸਖਸ਼ੀਅਤਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।