ਮੈਂ ਵੀ ਕਿਸਾਨ ਹਾਂ, ਜਾਣਦਾ ਹਾਂ ਗਰੀਬ ਕਿਸਾਨ ਪਰਾਲੀ ਪ੍ਰਬੰਧਨ ਲਈ ਮਸ਼ੀਨ ਨਹੀਂ ਖਰੀਦ ਸਕਦੇ: SC ਜੱਜ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਸਟਿਸ ਸੁਰਿਆਕਾਂਤ ਨੇ ਤੁਸ਼ਾਰ ਮਹਿਤਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਦੋ ਲੱਖ ਮਸ਼ੀਨਾਂ ਉਪਲਬਧ ਹਨ ਪਰ ਗਰੀਬ ਕਿਸਾਨ ਇਸ ਨੂੰ ਨਹੀਂ ਖਰੀਦ ਸਕਦੇ।

I’m a farmer, I know poor farmers can’t afford machinery for stubble management- SC Judge

ਨਵੀਂ ਦਿੱਲੀ: ਕਿਸਾਨਾਂ ਵਲੋਂ ਪਰਾਲੀ ਸਾੜਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੁਰਿਆਕਾਂਤ ਨੇ ਕਿਹਾ ਕਿ ਉਹ ਵੀ ਇਕ ਕਿਸਾਨ ਹਨ ਅਤੇ ਚੀਫ ਜਸਟਿਸ ਐਨਵੀ ਰਮਨਾ ਵੀ ਇਕ ਕਿਸਾਨ ਪਰਿਵਾਰ ਤੋਂ ਹਨ। ਉਹਨਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਗਰੀਬ-ਸੀਮਾਂਤ ਕਿਸਾਨ ਪਰਾਲੀ ਪ੍ਰਬੰਧਨ ਲਈ ਮਸ਼ੀਨ ਨਹੀਂ ਖਰੀਦ ਸਕਦੇ।

ਸੁਣਵਾਈ ਦੌਰਾਨ ਜਸਟਿਸ ਸੁਰਿਆਕਾਂਤ ਨੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਕਹਿ ਰਹੇ ਹੋ ਕਿ ਦੋ ਲੱਖ ਮਸ਼ੀਨਾਂ ਉਪਲਬਧ ਹਨ ਪਰ ਗਰੀਬ ਕਿਸਾਨ ਇਸ ਨੂੰ ਨਹੀਂ ਖਰੀਦ ਸਕਦੇ। ਯੂਪੀ, ਪੰਜਾਬ ਅਤੇ ਹਰਿਆਣਾ ਵਿਚ ਤਿੰਨ ਏਕੜ ਤੋਂ ਘੱਟ ਜ਼ਮੀਨ ਹੈ। ਅਸੀਂ ਉਹਨਾਂ ਕਿਸਾਨਾਂ ਤੋਂ ਮਸ਼ੀਨਾਂ ਖਰੀਦਣ ਦੀ ਉਮੀਦ ਨਹੀਂ ਕਰ ਸਕਦੇ।

ਜਸਟਿਸ ਸੁਰਿਆਕਾਂਤ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਮਸ਼ੀਨਾਂ ਕਿਉਂ ਨਹੀਂ ਦੇ ਸਕਦੀਆਂ?  ਇਹਨਾਂ ਨੂੰ ਪੇਪਰ ਮਿੱਲਾਂ ਅਤੇ ਹੋਰ ਕੰਮਾਂ ਲਈ ਲਿਆਂਦਾ ਜਾਵੇ। ਰਾਜਸਥਾਨ ਵਿਚ ਸਰਦੀਆਂ ਵਿਚ ਪਰਾਲੀ ਬੱਕਰੀਆਂ ਆਦਿ ਲਈ ਚਾਰਾ ਹੋ ਸਕਦੀ ਹੈ। ਸੁਪਰੀਮ ਕੋਰਟ ਵਿਚ ਵਾਤਾਵਰਨ ਕਾਰਕੁਨ ਆਦਿੱਤਿਆ ਦੂਬੇ ਅਤੇ ਲਾਅ ਦੇ ਵਿਦਿਆਰਥੀ ਅਮਨ ਬਾਂਕਾ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਚੱਲ ਰਹੀ ਸੀ, ਜਿਸ ਵਿਚ ਛੋਟੇ ਕਿਸਾਨਾਂ ਨੂੰ ਪਰਾਲੀ ਹਟਾਉਣ ਦੀਆਂ ਮਸ਼ੀਨਾਂ ਮੁਫ਼ਤ ਮੁਹੱਈਆ ਕਰਵਾਉਣ ਦੇ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ।

ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਹ ਮਸ਼ੀਨਾਂ 80 ਫੀਸਦੀ ਸਬਸਿਡੀ 'ਤੇ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਦੇ ਜੱਜ ਨੇ ਮਹਿਤਾ ਨੂੰ ਪੁੱਛਿਆ ਕਿ ਕੀ ਉਹਨਾਂ ਦੀ ਮਦਦ ਕਰਨ ਵਾਲੇ ਅਧਿਕਾਰੀ ਸਬਸਿਡੀ ਤੋਂ ਬਾਅਦ ਅਸਲ ਕੀਮਤ ਦੱਸ ਸਕਦੇ ਹਨ।

ਚੀਫ਼ ਜਸਟਿਸ ਐਨਵੀ ਰਮਨਾ ਅਤੇ ਜਸਟਿਸ ਡੀਵਾਈ ਚੰਦਰਚੂੜ ਦੇ ਨਾਲ ਬੈਠੇ ਜਸਟਿਸ ਕਾਂਤ ਨੇ ਪੁੱਛਿਆ ਕਿ ਕੀ ਕਿਸਾਨ ਇਸ ਨੂੰ ਅਦਾ ਕਰ ਸਕਦੇ ਹਨ। ਮੈਂ ਇਕ ਕਿਸਾਨ ਹਾਂ ਅਤੇ ਮੈਨੂੰ ਪਤਾ ਹੈ, ਸੀਜੇਆਈ ਵੀ ਇਕ ਕਿਸਾਨ ਪਰਿਵਾਰ ਤੋਂ ਹਨ ਅਤੇ ਉਹ ਵੀ ਜਾਣਦੇ ਹਨ ਅਤੇ ਮੇਰਾ ਭਰਾ (ਜੱਜ) ਵੀ ਜਾਣਦੇ ਹਨ। ਜਸਟਿਸ ਕਾਂਤ ਨੇ ਇਹ ਵੀ ਕਿਹਾ ਕਿ ਹਵਾ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਇਕ ਫੈਸ਼ਨ ਬਣ ਗਿਆ ਹੈ।