ਯੋਗੀ ਵਰਗਿਆਂ ਦੇ ਵਿਵਾਦਤ ਬਿਆਨ ਡੋਬਣਗੇ 'ਭਾਜਪਾ ਦੀ ਬੇੜੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2014 ਵਿਚ ਜ਼ਬਰਦਸਤ ਬਹੁਮਤ ਦੇ ਨਾਲ ਕੇਂਦਰੀ ਸੱਤਾ ਵਿਚ ਆਈ ਭਾਜਪਾ ਦੀ ਫੂਕ ਸਾਢੇ ਚਾਰ ਸਾਲਾਂ ਵਿਚ ਹੀ ਨਿਕਲ ਗਈ ਜਾਪਦੀ ਹੈ...

BJP with Yogi

ਨਵੀਂ ਦਿੱਲੀ (ਭਾਸ਼ਾ) : 2014 ਵਿਚ ਜ਼ਬਰਦਸਤ ਬਹੁਮਤ ਦੇ ਨਾਲ ਕੇਂਦਰੀ ਸੱਤਾ ਵਿਚ ਆਈ ਭਾਜਪਾ ਦੀ ਫੂਕ ਸਾਢੇ ਚਾਰ ਸਾਲਾਂ ਵਿਚ ਹੀ ਨਿਕਲ ਗਈ ਜਾਪਦੀ ਹੈ। ਸੱਤਾ ਦੇ ਨਸ਼ੇ ਵਿਚ ਹੁੱਬੀ ਭਾਜਪਾ ਦੇ ਮੰਤਰੀਆਂ ਅਤੇ ਆਗੂਆਂ ਨੇ ਜਿਸ ਤਰ੍ਹਾਂ ਦੀਆਂ ਭੜਕਾਊ ਬਿਆਨਬਾਜ਼ੀਆਂ ਇਸ ਸਮੇਂ ਦੌਰਾਨ ਕੀਤੀਆਂ। ਉਹ ਕਿਸੇ ਤੋਂ ਲੁਕੀਆਂ ਨਹੀਂ। ਇਨ੍ਹਾਂ ਵਿਚ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਵੀ ਸ਼ਾਮਲ ਹਨ।  ਜਿਨ੍ਹਾਂ ਨੇ ਸ਼ਰ੍ਹੇਆਮ ਪੱਖਪਾਤੀ ਬਿਆਨਬਾਜ਼ੀ ਕਰਕੇ ਸਿਰਫ਼ ਤੇ ਸਿਰਫ਼ ਹਿੰਦੂਆਂ ਦਾ ਪੱਖ ਪੂਰਿਆ।

 

ਲਵ ਜਿਹਾਦ ਨੂੰ ਲੈ ਕੇ ਉਨ੍ਹਾਂ ਦਾ ਬਿਆਨ ਭਾਵੇਂ ਕਾਫ਼ੀ ਪੁਰਾਣਾ ਹੈ ਪਰ ਉਸ ਵਿਚ ਯੋਗੀ ਦੀ ਮਾਨਸਿਕਤਾ ਦਾ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਦਿਲ ਵਿਚ ਮੁਸਲਮਾਨਾਂ ਵਾਸਤੇ ਕੋਈ ਥਾਂ ਨਹੀਂ। ਉਹ ਸਿਰਫ਼ ਤੇ ਸਿਰਫ਼ ਕੱਟੜ ਹਿੰਦੂ ਹਨ। ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਦੇ ਇਸ ਰਵੱਈਏ ਵਿਚ ਕੁੱਝ ਤਬਦੀਲੀ ਦੇਖਣ ਨੂੰ ਨਹੀਂ ਮਿਲੀ। ਯੋਗੀ ਦੇ ਰਾਮ ਮੰਦਰ ਨੂੰ ਲੈ ਕੇ ਦਿਤੇ ਇਕ ਬਿਆਨ ਵਿਚ ਵੀ ਹਿੰਦੂ ਕੱਟੜਤਾ ਸਾਫ਼ ਦਿਖਾਈ ਦਿੰਦੀ ਹੈ। ਇਹ ਬਿਆਨ 2016 ਵਿਚ ਯੋਗੀ ਵਲੋਂ ਦਿਤਾ ਗਿਆ ਸੀ। ਜਿਸ ਵਿਚ ਉਹ ਧਮਕੀ ਭਰੇ ਲਹਿਜੇ ਵਿਚ ਰਾਮ ਮੰਦਰ ਬਣਾਏ ਜਾਣ ਦੀ ਗੱਲ ਆਖ ਰਹੇ ਹਨ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਲੈ ਕੇ ਦਿਤਾ ਉਨ੍ਹਾਂ ਦਾ ਬਿਆਨ ਵੀ ਸਾਰਿਆਂ ਨੂੰ ਯਾਦ ਹੈ, ਜਿਸ ਵਿਚ ਯੋਗੀ ਨੇ ਕਿਹਾ ਸੀ ਕਿ ਸ਼ਾਹਰੁਖ਼ ਖ਼ਾਨ ਅਤੇ ਹਾਫਿਜ਼ ਸਈਦ ਵਿਚ ਕੋਈ ਫ਼ਰਕ ਨਹੀਂ ਹੈ। ਸ਼ਾਹਰੁਖ਼ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਦੇਸ਼ ਵਿਚ ਵਧ ਅਸਹਿਣਸ਼ੀਲਤਾ ਨੂੰ ਲੈ ਕੇ ਬਿਆਨ ਦਿਤਾ ਸੀ ਸੁਣੋ ਕੀ ਕਿਹਾ ਸੀ ਯੋਗੀ ਨੇ ਇਥੇ ਹੀ ਬਸ ਨਹੀਂ। ਚੋਣਾਂ ਪ੍ਰਚਾਰ ਦੌਰਾਨ ਯੋਗੀ ਅਦਿੱਤਿਆਨਾਥ ਨੇ ਮੁਸਲਮਾਨਾਂ ਨੂੰ ਹਿੰਦੂਆਂ ਲਈ ਖ਼ਤਰਾ ਦਰਸਾਉਣ ਵਾਲਾ ਬਿਆਨ ਦਿੰਦਿਆਂ ਆਖਿਆ ਸੀ ਕਿ ਪੱਛਮੀ ਉਤਰ ਪ੍ਰਦੇਸ਼ ਦੂਜਾ ਕਸ਼ਮੀਰ ਬਣਦਾ ਜਾ ਰਿਹਾ ਹੈ ਜਦਕਿ ਸਾਰਿਆਂ ਨੂੰ ਭਲੀ ਭਾਂਤ ਪਤਾ ਹੈ ।

ਕਿ ਯੂਪੀ ਵਿਚ ਹਿੰਦੂਆਂ ਦੀ ਬਹੁਗਿਣਤੀ ਹੈ। ਇਸ ਤੋਂ ਇਲਾਵਾ ਯੋਗੀ ਨੂੰ ਜਦੋਂ ਇਕ ਟੀਵੀ ਚੈਨਲ 'ਤੇ ਇਹ ਸਵਾਲ ਕੀਤਾ ਗਿਆ ਸੀ ਕਿ ਉਹ ਮੁਸਲਿਮ ਨਾਵਾਂ ਵਾਲੇ ਸ਼ਹਿਰਾਂ ਦਾ ਨਾਮ ਕਿਉਂ ਬਦਲ ਰਹੇ ਹਨ ਤਾਂ ਉਨ੍ਹਾਂ ਨੇ ਹਿੰਦੂਆਂ ਦੇ ਹਿੱਤ ਵਾਲਾ ਬਿਆਨ ਦਿੰਦਿਆਂ ਇਹ ਵੀ ਆਖ ਦਿਤਾ ਸੀ ਕਿ ਉਨ੍ਹਾਂ ਦਾ ਵਸ ਚੱਲੇ ਤਾਂ ਉਹ ਤਾਜ ਮਹਿਲ ਦਾ ਨਾਮ ਵੀ ਰਾਮ ਮਹਿਲ ਰੱਖ ਦੇਣਗੇ। ਕਰਨਾਟਕ ਵਿਚ ਟੀਪੂ ਸੁਲਤਾਨ ਨੂੰ ਇਕ ਯੋਧੇ ਦੇ ਰੂਪ ਵਿਚ ਮੰਨਿਆ ਜਾਂਦਾ ਹੈ ਪਰ ਯੋਗੀ ਆਦਿਤਿਆਨਾਥ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਸਮੇਂ ਆਖਿਆ ਕਿ ਕਾਂਗਰਸੀ ਹਨੂੰਮਾਨ ਦੀ ਨਹੀਂ। ਟੀਪੂ ਸੁਲਤਾਨ ਦੀ ਪੂਜਾ ਕਰਦੇ ਹਨ।

ਹੁਣ ਕਈ ਦਿਨ ਪਹਿਲਾਂ ਦੀ ਹੀ ਗੱਲ ਹੈ ਕਿ ਯੋਗੀ ਨੇ ਖ਼ੁਦ ਹਨੂੰਮਾਨ 'ਤੇ ਬਿਆਨ ਦੇ ਕੇ ਉਦੋਂ ਪੁੱਠਾ ਪੰਗਾ ਲੈ ਲਿਆ ਸੀ, ਜਦੋਂ ਉਨ੍ਹਾਂ ਨੇ ਹਨੂੰਮਾਨ ਨੂੰ 'ਦਲਿਤ' ਆਖ ਦਿਤਾ ਸੀ ਕਈ ਹਿੰਦੂ ਸੰਗਠਨਾਂ ਨੇ ਉਨ੍ਹਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ। ਵੈਸੇ ਯੋਗੀ ਆਦਿਤਿਆਨਾਥ ਦੇ ਵਿਵਾਦਤ ਬਿਆਨਾਂ ਦੀ ਸੂਚੀ ਇਥੇ ਖ਼ਤਮ ਨਹੀਂ ਹੁੰਦੀ। ਉਨ੍ਹਾਂ ਨੇ ਹੋਰ ਵੀ ਗਊ ਹੱਤਿਆ, ਬਕਰੀਦ ਅਤੇ ਕੁੱਝ ਹੋਰ ਮੁੱਦਿਆਂ ਨੂੰ ਲੈ ਕੇ ਬਹੁਤ ਸਾਰੇ ਵਿਵਾਦਤ ਬਿਆਨ ਦਿਤੇ ਹਨ, ਜੋ ਮਹਿਜ਼ ਹਿੰਦੂ ਪੱਖੀ ਸਨ। ਜਦਕਿ ਕਿਸੇ ਸੂਬੇ ਦਾ ਮੁੱਖ ਮੰਤਰੀ ਪੱਖਪਾਤ ਤੋਂ ਰਹਿਤ ਹੋਣ ਚਾਹੀਦਾ ਹੈ,

ਕਿਉਂਕਿ ਉਹ ਕਿਸੇ ਇਕ ਫਿਰਕੇ ਦਾ ਮੁੱਖ ਮੰਤਰੀ ਨਹੀਂ ਹੁੰਦਾ ਬਲਕਿ ਸੂਬੇ ਦੀ ਸਾਰੀ ਜਨਤਾ ਦਾ ਮੁੱਖ ਮੰਤਰੀ ਹੁੰਦਾ ਹੈ। ਦਰਅਸਲ ਭਾਜਪਾ ਇਹ ਸਮਝਦੀ ਹੈ ਕਿ ਉਸ ਨੂੰ ਇਕੱਲੇ ਹਿੰਦੂਆਂ ਨੇ ਹੀ ਵੋਟਾਂ ਪਾ ਕੇ ਜਿਤਾਇਆ ਹੈ, ਜਦਕਿ ਉਸ ਤੋਂ ਪਹਿਲਾਂ ਲਗਾਤਾਰ 10 ਸਾਲ ਸੱਤਾ ਵਿਚ ਰਹੀ ਕਾਂਗਰਸ ਦਾ ਭ੍ਰਿਸ਼ਟਾਚਾਰ ਵੀ ਸੱਤਾ ਵਿਚ ਬਦਲਾਅ ਦਾ ਵੱਡਾ ਕਾਰਨ ਬਣਿਆ ਸੀ ਭਾਵ ਕਿ ਸਾਰੇ ਫਿਰਕੇ ਦੇ ਲੋਕਾਂ ਨੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਭਾਜਪਾ ਨੂੰ ਵੋਟਾਂ ਪਾਈਆਂ ਸਨ ਪਰ ਭਾਜਪਾ ਨੇ ਸਰਕਾਰ ਬਣਦਿਆਂ ਹੀ ਦੂਜੇ ਫਿਰਕਿਆਂ ਦੀ ਅਣਦੇਖੀ ਕਰਦੇ ਹੋਏ ਜ਼ਿਆਦਾਤਰ ਹਿੰਦੂਆਂ 'ਤੇ ਹੀ ਅਪਣਾ ਫੋਕਸ ਰਖਿਆ ।

ਜਿਸ ਦਾ ਕੁੱਝ ਨਤੀਜਾ ਉਸ ਨੂੰ ਪਹਿਲਾਂ ਜ਼ਿਮਨੀ ਚੋਣਾਂ ਵਿਚ ਦਿਸ ਗਿਆ ਸੀ ਅਤੇ ਹੁਣ ਤਿੰਨ ਸੂਬਿਆਂ ਵਿਚ ਹੋਈ ਹਾਰ ਨੇ ਦਿਖਾ ਦਿਤਾ ਹੈ। ਭਾਜਪਾ ਦੀ ਹਾਰ ਲਈ ਜ਼ਿੰਮੇਵਾਰ ਯੋਗੀ ਵਰਗੇ ਨੇਤਾ ਹੀ ਹਨ। ਜਿਨ੍ਹਾਂ ਦੇ ਵਿਵਾਦਤ ਬਿਆਨਾਂ ਨੇ ਦੇਸ਼ ਵਿਚ ਅਸਹਿਣਸ਼ੀਲਤਾ ਦਾ ਮਾਹੌਲ ਬਣਾਇਆ। ਜ਼ਿਆਦਾਤਰ ਲੋਕਾਂ ਦਾ ਮੰਨਣੈ ਕਿ ਦੇਸ਼ ਦੀ ਜਨਤਾ ਭ੍ਰਿਸ਼ਟਾਚਾਰ ਨੂੰ ਤਾਂ ਭਾਵੇਂ ਬਰਦਾਸ਼ਤ ਕਰ ਲਵੇ ਪਰ ਅਜਿਹੇ ਹਿੰਸਕ ਮਾਹੌਲ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੀ।