ਹੱਜ ਯਾਤਰੀਆਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾ ਕੇ ਕੀਤੀ 19 ਦਸੰਬਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੱਜ ਕਮੇਟੀ ਦੇ ਇਸ ਫੈਸਲੇ ਨਾਲ ਹਜ਼ਾਰਾਂ ਹੱਜ ਯਾਤਰੀਆਂ ਨੂੰ ਲਾਭ ਹੋਵੇਗਾ।

Haj yatra

ਲਖਨਊ, ( ਭਾਸ਼ਾ ) : ਹੱਜ ਕਮੇਟੀ ਵੱਲੋਂ ਹੱਜ ਯਾਤਰਾ ਦੇ ਚਾਹਵਾਨ ਯਾਤਰੀਆਂ ਨੂੰ ਰਾਹਤ ਦਿਤੀ ਗਈ ਹੈ। ਹੁਣ ਹੱਜ ਯਾਤਰਾ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾ ਕੇ 19 ਦਸੰਬਰ ਕਰ ਦਿਤੀ ਗਈ ਹੈ। ਇਹ ਜਾਣਕਾਰੀ ਹੱਜ ਕਮੇਟੀ ਆਫ਼ ਇੰਡੀਆ ਦੇ ਮੈਂਬਰ ਡਾ. ਇਫ਼ਤਿਖ਼ਾਰ ਅਹਿਮਦ ਜਾਵੇਦ ਨੇ ਦਿਤੀ। ਡਾ.ਜਾਵੇਦ ਨੇ ਕਿਹਾ ਕਿ ਅਪਲਾਈ ਕਰਨ ਦੀ ਤਰੀਕ ਵਧਾਉਣ ਨਾਲ ਰਾਜ ਦੇ ਹਜ਼ਾਰਾਂ ਯਾਤਰੀਆਂ ਨੂੰ ਰਾਹਤ ਮਿਲੇਗੀ। ਬੀਤੇ ਦਿਨ ਤੱਕ ਹੱਜ ਕਮੇਟੀ ਦਫਤਰ ਵਿਖੇ 30 ਹਜ਼ਾਰ ਚਾਹਵਾਨ ਯਾਤਰੀਆਂ ਨੇ ਅਪਣੀਆਂ ਅਰਜ਼ੀਆਂ ਦਾਖਲ ਕੀਤੀਆਂ।

ਹੱਜ ਲਈ ਅਪਲਾਈ ਕਰਨ ਵਾਲਿਆਂ ਲਈ ਇਹ ਇਕ ਚੰਗੀ ਖ਼ਬਰ ਹੈ। ਇਸ ਦੇ ਨਾਲ ਹੀ ਪਾਸਪੋਰਟ ਦੇਣ ਦੀ ਮਿਆਦ ਵਿਚ ਵੀ ਵਾਧਾ ਕੀਤਾ ਗਿਆ ਹੈ। ਡਾ.ਜਾਵੇਦ ਨੇ ਹੱਜ ਕਮੇਟੀ ਦੇ ਹਵਾਲੇ ਤੋਂ ਦੱਸਿਆ ਕਿ ਹੁਣ ਚਾਹਵਾਨ ਯਾਤਰੀਆਂ ਦੇ ਪਾਸਪੋਰਟ ਦੀ ਮਿਆਦ ਵਿਚ ਵੀ ਇਕ ਹਫਤੇ ਦਾ ਵਾਧਾ ਕਰ ਦਿਤਾ ਗਿਆ ਹੈ। ਹੱਜ ਯਾਤਰਾ ਲਈ ਹੁਣ 19 ਦਸੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਚਾਹਵਾਨ ਯਾਤਰੀ ਦੇ ਪਾਸਪੋਰਟ ਦੀ ਵੈਧਤਾ ਘੱਟ ਤੋਂ ਘੱਟ 31 ਜਨਵਰੀ 2020 ਹੋਣੀ ਚਾਹੀਦੀ ਹੈ।

ਹੱਜ ਯਾਤਰਾ ਲਈ ਅਪਲਾਈ ਕਰਨ ਦੀ ਤਰੀਕ ਵਧਾਏ ਜਾਣ 'ਤੇ ਹੱਜ ਸੇਵਾ ਕਮੇਟੀ ਦੇ ਮੁਖੀ ਹਾਜੀ ਵਸੀਮ ਅਹਿਮਦ ਅਤੇ ਮਹਾਸਕੱਤਰ ਹਾਜੀ ਮੁਹਮੰਦ ਇਮਰਾਨ ਨੇ ਕਮੇਟੀ ਦਾ ਧੰਨਵਾਦ ਕੀਤਾ ਅਤੇ ਇਸ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਹੱਜ ਕਮੇਟੀ ਦੇ ਇਸ ਫੈਸਲੇ ਨਾਲ ਹਜ਼ਾਰਾਂ ਹੱਜ ਯਾਤਰੀਆਂ ਨੂੰ ਲਾਭ ਹੋਵੇਗਾ। ਹੱਜ ਕਮੇਟੀ ਆਫ਼ ਇੰਡੀਆ ਨੇ ਇਸ ਸਾਲ ਹੱਜ ਪ੍ਰੋਗਰਾਮ ਦੋ ਮਹੀਨੇ ਪਹਿਲਾਂ ਸ਼ੁਰੂ ਕਰ ਦਿਤਾ ਸੀ ।

ਕਮੇਟੀ ਨੇ 22 ਅਕਤੂਬਰ ਤੋਂ ਹੱਜ ਯਾਤਰਾ ਲਈ ਐਪਲੀਕੇਸ਼ਨਾਂ ਜਾਰੀ ਕਰ ਦਿਤੀਆਂ ਗਈਆਂ ਸਨ। ਇਸ ਤੋਂ ਪਹਿਲਾਂ 17 ਨਵੰਬਰ ਤੱਕ ਜਮ੍ਹਾਂ  ਕਰਨ ਦੀ ਆਖਰੀ ਤਰੀਕ ਸੀ। ਯਾਤਰੀਆਂ ਦੀ ਘੱਟ ਗਿਣਤੀ ਨੂੰ ਦੇਖਦੇ ਹੋਏ ਇਹ ਤਰੀਕ ਵਧਾ ਕੇ 12 ਦਸੰਬਰ ਕਰ ਦਿਤੀ ਗਈ ਸੀ। ਪਰ ਇਸ ਦੇ ਬਾਵਜੂਦ ਵੀ ਯਾਤਰੀਆਂ ਦੀ ਗਿਣਤੀ ਪਿਛਲੇ ਸਾਲ ਦੀ ਗਿਣਤੀ ਤੱਕ ਨਹੀਂ ਪੁੱਜ ਸਕੀ। ਇਸ ਲਈ ਹੱਜ ਕਮੇਟੀ ਵੱਲੋਂ ਦੁਬਾਰਾ ਇਸ ਤਰੀਕ ਨੂੰ ਅੱਗੇ ਵਧਾ ਦਿਤਾ ਗਿਆ ਹੈ।