ਲੋਕਾਂ ਦਾ ਪਿਆਰ ਤੇ ਭਾਈਚਾਰਾ ਸਰਕਾਰ ਨੂੰ ਡਰਾ ਰਿਹਾ ਹੈ- ਪ੍ਰੋਫੈਸਰ ਮਨਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰੋਫੈਸਰ ਮਨਜੀਤ ਸਿੰਘ ਨੇ ਖੋਲ੍ਹੇ ਭਾਜਪਾ ਸਰਕਾਰ ਦੇ ਭੇਤ

Professor Manjit Singh

ਨਵੀਂ ਦਿੱਲੀ (ਹਰਦੀਪ ਸਿੰਘ ਭੋਗਲ)- ਕਿਸਾਨਾਂ ਦਾ ਦਿੱਲੀ ਮੋਰਚਾ ਲਗਾਤਾਰ ਜਾਰੀ ਹੈ ਤੇ ਇਸ ਵਿਚ ਹਰ ਇਕ ਵਰਗ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਨੌਜਵਾਨ ਦਿੱਲੀ ਧਰਨੇ 'ਚ ਪਹੁੰਚੇ ਬਜ਼ੁਰਗਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਕਿਸਾਨਾਂ ਦੇ ਇਸ ਧਰਨੇ ਨੂੰ ਹਰਿਆਣਾ, ਹਿਮਾਚਲ, ਰਾਜਸਥਾਨ ਦੇ ਸਾਰੇ ਕਿਸਾਨਾਂ ਦਾ ਸਾਥ ਮਿਲ ਰਿਹਾ ਹੈ। ਇਸ ਦੌਰਾਨ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ।

ਇਸ ਦੇ ਚਲਦਿਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਸਪੋਕਸਮੈਨ ਨਾਲ ਖ਼ਾਸ ਗੱਲਬਾਤ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਪੰਨੂ ਹੋਰਾਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਟਰਾਲੀਆਂ 'ਤੇ ਇਕੱਠ ਕਰ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਹਨ ਜਿਵੇਂ ਕੋਈ ਫੌਜ ਜਾਂਦੀ ਹੋਵੇ। ਦੂਜੇ ਪਾਸੇ ਸਰਕਾਰ ਵੀ ਭੈਅਭੀਤ ਹੋ ਕੇ ਆਪਣੀ ਸਖ਼ਤੀ ਦਿਖਾ ਰਹੀ ਹੈ ਤੇ ਲਗਾਤਾਰ ਮੀਟਿੰਗਾਂ ਬੁਲਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸੇ ਇਕ ਨਾਲ ਧੱਕਾ ਨਹੀਂ ਕੀਤਾ ਹਰ ਵਰਗ ਨਾਲ ਧੱਕਾ ਕੀਤਾ ਹੈ।  

ਉਹਨਾਂ ਕਿਹਾ ਕਿ ਸਰਕਾਰ ਤੋਂ ਕੋਈ ਵਰਗ ਵੀ ਖੁਸ਼ ਨਹੀਂ ਹੈ। ਇਸ ਸਮੇਂ ਇਹ ਲਹਿਰ ਜਨ ਅੰਦੋਲਨ ਬਣ ਚੁੱਕਾ ਹੈ ਤੇ ਹਰ ਵਰਗ ਇਸ ਅੰਦੋਲਨ ਦਾ ਹਿੱਸਾ ਬਣ ਰਿਹਾ ਹੈ। ਨੈਸ਼ਨਲ ਮੀਡੀਆ ਦੀ ਭੂਮਿਕਾ ਬਾਰੇ ਬੋਲਦਿਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਜਿਹੜਾ ਮੀਡੀਆ ਲੋਕਾਂ ਦੀ ਗੱਲ ਨਹੀਂ ਕਰੇਗਾ, ਲੋਕ ਉਸ ਨੂੰ ਬੰਦ ਕਰ ਦੇਣਗੇ।

ਉਹਨਾਂ ਦੱਸਿਆ ਕਿ 17 ਤਰੀਕ ਨੂੰ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਵਿਚ ਅਪਣੇ ਵੱਡੇ ਅਫ਼ਸਰਾਂ ਦੀ ਮੀਟਿੰਗ ਸੱਦੀ ਹੈ। ਇਸ ਵਿਚ ਪੁਲਿਸ ਵਿਭਾਗ ਦੇ ਵੱਡੇ ਅਫ਼ਸਰਾਂ ਨੂੰ ਸ਼ਾਮਲ ਹੋਣ ਦੇ ਸਖਤ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਕਿ ਹੋ ਸਕਦਾ ਹੈ ਕਿ ਸੂਬੇ ਦੀ ਸਰਕਾਰ ਨਾਲ ਤਾਲਮੇਲ ਕਰਕੇ ਫੋਰਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇ ਅਜਿਹਾ ਹੋਇਆ ਤਾਂ ਦੇਸ਼ ਵਿਚ ਸਿਵਲ ਵਾਰ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਇਹ ਬਹੁਤ ਖਤਰਨਾਕ ਹੋਵੇਗਾ।

ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਇਹ ਸੰਘਰਸ਼ ਲੋਕਤੰਤਰਿਕ ਪ੍ਰਣਾਲੀ ਦਾ ਅਸਲੀ ਚਿਹਰਾ ਹੈ, ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਲੋਕਾਂ ਕੋਲੋਂ ਝੂਠ ਬੋਲ ਕੇ ਵੋਟਾਂ ਤਾਂ ਲਈਆਂ ਜਾ ਸਕਦੀਆਂ ਨੇ ਪਰ ਉਹਨਾਂ ਨਾਲ ਧੋਖਾ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਲੋਕਾਂ ਦਾ ਇਹੀ ਪਿਆਰ ਤੇ ਭਾਈਚਾਰਾ ਸਰਕਾਰ ਨੂੰ ਡਰਾ ਰਿਹਾ ਹੈ।