ਠੰਢ ਨੇ ਫਿਰ ਠਾਰੇ ਲੋਕਾਂ ਦੇ ਹੱਢ, ਮੀਂਹ ਤੋਂ ਬਾਅਦ ਛਾਈ ਸੰਘਣੀ ਧੁੰਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਜ਼ੀਬਿਲਟੀ ਕਾਫੀ ਘੱਟ, ਆਵਾਜਾਈ ਹੋਈ ਪ੍ਰਭਾਵਿਤ 

File

ਚੰਡੀਗੜ੍ਹ- ਸੋਮਵਾਰ ਨੂੰ ਦੁਪਹਿਰ ਬਾਅਦ ਸ਼ੁਰੂ ਹੋਈ ਬਾਰਿਸ਼ ਰਾਤ 8 ਵਜੇ ਤਕ ਜਾਰੀ ਰਹੀ। ਤੇ ਅੱਜ ਪੰਜਾਬ 'ਚ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ, ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਬਾਰਿਸ਼ ਦੌਰਾਨ ਕਈ ਥਾਵਾਂ 'ਤੇ ਗੜ੍ਹੇਮਾਰੀ ਵੀ ਵੇਖਣ ਨੂੰ ਮਿਲੀ। ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਦੇ ਕਈ ਇਲਾਕਿਆਂ 'ਚ ਗੜ੍ਹੇ ਪੈਣ ਦੀ ਖ਼ਬਰ ਮਿਲੀ ਹੈ।

ਅੱਜ ਸਵੇਰੇ ਤੋਂ ਚੰਡੀਗੜ੍ਹ, ਪਟਿਆਲਾ, ਮੋਹਾਲੀ, ਰੋਪੜ, ਸਿਰਸਾ, ਤਲਵੰਡੀ ਸਾਬੋ, ਜਲੰਧਰ, ਬਠਿੰਡਾ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਧੁੰਦ ਕਾਰਨ ਵਿਜ਼ੀਬਿਲਟੀ ਕਾਫੀ ਘੱਟ ਗਈ ਹੈ, ਜਿਸ ਕਾਰਨ ਸੜਕਾਂ 'ਤੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ। ਧੁੰਦ ਨਾਲ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। 

ਉੱਧਰ ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋਣ ਨਾਲ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਠੰਢ ਨੇ ਫਿਰ ਲੋਕਾਂ ਦੇ ਹੱਢ ਠਾਰ ਦਿੱਤੇ ਹਨ। ਸਕਾਈਮੇਟ ਦੇ ਅਨੁਸਾਰ ਉੱਤਰੀ ਭਾਰਤ ਵਿੱਚ ਪਹਾੜਾਂ 'ਤੇ ਰੁੱਕ-ਰੁੱਕ ਕੇ ਬਰਫਬਾਰੀ ਹੋ ਰਹੀ ਹੈ।

ਜਦੋਂ ਕਿ ਪੰਜਾਬ-ਹਰਿਆਣਾ ਦੇ ਮੈਦਾਨੀ ਹਿੱਸਿਆਂ ਤੋਂ ਲੈ ਕੇ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਮੀਂਹ ਅਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਆਮ ਜਨਜੀਵਨ ਪ੍ਰਭਾਵਿਤ ਰਿਹਾ, ਕਿਉਂਕਿ ਕਸ਼ਮੀਰ ਵਿੱਚ ਲਗਾਤਾਰ ਦੂਜੇ ਦਿਨ ਬਰਫਬਾਰੀ ਜਾਰੀ ਰਹੀ।

ਅਤੇ ਸ੍ਰੀਨਗਰ ਹਵਾਈ ਅੱਡੇ 'ਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਸਨ। ਦਿੱਲੀ ਵਿੱਚ ਅੱਜ ਸਵੇਰੇ ਤੋਂ ਹੀ ਬੱਦਲ ਛਾਏ ਹੋਏ ਹਨ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਘੱਟੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।