'ਅਤਿਵਾਦ' ਦੇ ਮੁੱਦੇ 'ਤੇ ਭਾਜਪਾ ਦਾ ਕਾਂਗਰਸ 'ਤੇ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਡੀਐਸਪੀ ਦੀ ਅਤਿਵਾਦੀਆਂ ਨਾਲ ਸਾਂਝ ਮੁੱਦੇ 'ਤੇ ਸਿਆਸਤ ਗਰਮਾਈ

file photo

ਨਵੀਂ ਦਿੱਲੀ: ਡੀਐਸਪੀ ਦਵਿੰਦਰ ਸਿੰਘ ਦੀ ਅਤਿਵਾਦੀਆਂ ਨਾਲ ਸਾਂਝ ਦੇ ਮੁੱਦੇ ਨੇ ਸਿਆਸੀ ਗਲਿਆਰਿਆਂ ਅੰਦਰ ਗਰਮਾਹਟ ਲਿਆ ਦਿਤੀ ਹੈ। ਸਿਆਸੀ ਪਾਰਟੀਆਂ ਨੇ ਇਸ ਮੁੱਦੇ 'ਤੇ ਇਕ-ਦੂਜੇ ਨੂੰ ਘੇਰਨਾ ਸ਼ੁਰੂ ਕਰ ਦਿਤਾ ਹੈ। ਇਸ ਮਾਮਲੇ 'ਤੇ ਅੱਜ ਭਾਜਪਾ ਨੇ ਕਾਂਗਰਸ ਵੱਲ ਵੱਡਾ ਨਿਸ਼ਾਨਾ ਸਾਧਿਆ ਹੈ।

ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ 'ਚ ਕਾਂਗਰਸ ਦੇ ਸੀਨੀਅਰ ਆਗੂ ਅਧੀਰ ਰੰਜਨ ਚੌਧਰੀ ਨੇ ਅਤਿਵਾਦ 'ਚ ਧਰਮ ਲੱਭਿਆ ਹੈ।

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਇਕ ਡੀਐਸਪੀ ਨੂੰ ਅਤਿਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਵੀ ਕਾਂਗਰਸ ਦਾ ਸਟੈਂਡ ਵੀ ਉਹੋ ਜਿਹਾ ਹੀ ਹੈ। ਕਾਂਗਰਸ ਦੇ ਸਟੈਂਡ ਤੋਂ ਭਾਰਤ 'ਤੇ ਹਮਲਾ ਅਤੇ ਪਾਕਿਸਤਾਨ ਨੂੰ ਬਚਾਉਣ ਦੀ ਸਾਜ਼ਿਸ਼ ਜਾਹਰ ਹੁੰਦੀ ਹੈ।

ਉਨ੍ਹਾਂ ਕਿਹਾ ਇਸ ਸਾਰੀ ਪ੍ਰਕਿਰਿਆ 'ਚ ਕਾਂਗਰਸ ਦੇ ਬੇਧਿਆਨੀ ਰੰਜਨ ਨੇ ਕੁਝ ਵੀ ਨਹੀਂ ਵੇਖਿਆ ਅਤੇ ਮਿੰਟਾਂ 'ਚ ਧਰਮ ਲੱਭ ਲਿਆ। ਉਨ੍ਹਾਂ ਕਿਹਾ ਕਿ ਅਤਿਵਾਦ 'ਤੇ ਧਰਮ ਦੀ ਰਾਜਨੀਤੀ ਕਾਂਗਰਸ ਦਾ ਸਭਿਆਚਾਰ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ  'ਤੇ ਹਮਲਾ ਕਰਦਿਆਂ ਉਨ੍ਹਾਂ ਨੂੰ ਹਿੰਦੂ ਜਿਨਾਹ ਕਿਹਾ ਸੀ। ਹਿੰਦੂ ਜਿਨਾਹ ਵਰਗੇ ਸ਼ਬਦਾਂ ਦੀ ਵਰਤੋਂ ਕਰਦਿਆਂ ਹਿੰਦੂ ਅਤਿਵਾਦ ਨੂੰ ਕਿਤੇ ਨਾ ਕਿਤੇ ਹਿੰਦੂਆਂ ਨੂੰ ਅਤਿਵਾਦੀ ਸਾਬਤ ਕਰਨਾ ਹੈ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਅਸੀਂ ਸਿਮੀ ਜਾਂ ਇਸਲਾਮਿਕ ਅਤਿਵਾਦ ਤੋਂ ਨਹੀਂ ਡਰਦੇ, ਅਸੀਂ ਹਿੰਦੂਆਂ ਤੋਂ ਡਰਦੇ ਹਾਂ।”