ਜੰਗਲ ਵਿਚ ਮੰਗਲ : ਭਜਨ ਸੁਣਨ ਲਈ ਸਾਧੂ ਕੋਲ ਆ ਕੇ ਬੈਠ ਜਾਂਦੇ ਹਨ ਭਾਲੂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਟੀਆ ਬਣਾ ਕੇ ਰਹਿੰਦੇ ਸਾਧੂ ਦੀ ਮਿੱਠੀ ਆਵਾਜ਼ ਤੋਂ ਮੰਤਰਮੁਗਧ ਹਨ ਭਾਲੂ, ਕਦੇ ਹਮਲਾ ਨਹੀਂ ਕੀਤਾ

file photo

ਸ਼ਹਿਡੋਲ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਸ਼ਹਿਡੋਲ ਜ਼ਿਲ੍ਹੇ ਵਿਚ ਸੰਘਣੇ ਜੰਗਲਾਂ ਵਿਚਾਲੇ ਕੁਟੀਆ ਬਣਾ ਕੇ ਰਹਿਣ ਵਾਲੇ ਸਾਧੂ ਦੀ ਮਿੱਠੀ ਆਵਾਜ਼ ਨੇ ਭਾਲੂਆਂ ਨੂੰ ਏਨਾ ਮੰਤਰਮੁਗਧ ਕਰ ਦਿਤਾ ਹੈ ਕਿ ਉਹ ਉਸ ਕੋਲ ਆ ਕੇ ਚੁੱਪ-ਚਾਪ ਬੈਠ ਜਾਂਦੇ ਹਨ, ਭਜਨ ਸੁਣਦੇ ਰਹਿੰਦੇ ਹਨ ਤੇ ਭਜਨ ਪੂਰਾ ਹੋਣ 'ਤੇ ਪ੍ਰਸਾਦ ਲੈਣ ਮਗਰੋਂ ਮੁੜ ਜਾਂਦੇ ਹਨ।

ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਹੱਦ ਵਿਚ ਪੈਂਦੇ ਜੈਤਪੁਰ ਦੇ ਜੰਗਲ ਵਿਚ ਸੋਨ ਨਦੀ ਲਾਗੇ ਰਾਜਮੜ੍ਹਾ ਵਿਚ ਸੀਤਾਰਾਮ ਸਾਧੂ 2003 ਤੋਂ ਕੁਟੀਆ ਬਣਾ ਕੇ ਰਹਿ ਰਿਹਾ ਹੈ। ਸਾਧੂ ਨੇ ਦਸਿਆ ਕਿ ਜੰਗਲ ਵਿਚ ਕੁਟੀਆ ਬਣਾਉਣ ਮਗਰੋਂ ਉਸ ਨੇ ਹਰ ਰੋਜ਼ ਰਾਮਧੁਨ ਨਾਲ ਪੂਜਾ-ਪਾਠ ਸ਼ੁਰੂ ਕਰ ਦਿਤਾ। ਇਕ ਦਿਨ ਜਦ ਉਹ ਭਜਨ ਵਿਚ ਲੀਨ ਸੀ ਤਾਂ ਉਸ ਨੇ ਵੇਖਿਆ ਕਿ ਦੋ ਭਾਲੂ ਉਸ ਕੋਲ ਆ ਕੇ ਬੈਠੇ ਹੋਏ ਸਨ ਅਤੇ ਚੁੱਪ-ਚਾਪ ਭਜਨ ਸੁਣ ਰਹੇ ਸਨ।

ਇਹ ਵੇਖ ਕੇ ਉਹ ਡਰ ਗਿਆ ਪਰ ਉਸ ਨੇ ਵੇਖਿਆ ਕਿ ਭਾਲੂ ਚੁੱਪ-ਚਾਪ ਬੈਠੇ ਹਨ ਅਤੇ ਕਿਸੇ ਤਰ੍ਹਾਂ ਦੀ ਹਰਕਤ ਨਹੀਂ ਕਰ ਰਹੇ ਤਾਂ ਉਸ ਨੇ ਬਾਅਦ ਵਿਚ ਭਾਲੂਆਂ ਨੂੰ ਪ੍ਰਸਾਦ ਦਿਤਾ। ਪ੍ਰਸਾਦ ਲੈਣ ਦੇ ਕੁੱਝ ਦੇਰ ਬਾਅਦ ਹੀ ਭਾਲੂ ਵਾਪਸ ਜੰਗਲ ਵਿਚ ਚਲੇ ਗਏ। ਸੀਤਾਰਾਮ ਨੇ ਦਸਿਆ ਕਿ ਉਸ ਦਿਨ ਤੋਂ ਭਜਨ ਦੌਰਾਨ ਭਾਲੂਆਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਹੜਾ ਅੱਜ ਤਕ ਜਾਰੀ ਹੈ। ਭਾਲੂਆਂ ਨੇ ਅੱਜ ਤਕ ਉਸ ਨੂੰ ਨੁਕਸਾਨ ਨਹੀਂ ਪਹੁੰਚਾਇਆ। ਏਨਾ ਹੀ ਨਹੀਂ, ਜਦ ਵੀ ਭਾਲੂ ਆਉਂਦੇ ਹਨ ਤਾਂ ਕੁਟੀਆ ਦੇ ਬਾਹਰ ਵਿਹੜੇ ਵਿਚ ਬੈਠੇ ਰਹਿੰਦੇ ਹਨ ਤੇ ਕਦੇ ਵੀ ਅੰਦਰ ਨਹੀਂ ਆਏ।

ਸੀਤਾਰਾਮ ਮੁਤਾਬਕ ਫ਼ਿਲਹਾਲ ਇਕ ਨਰ ਅਤੇ ਮਾਦਾ ਭਾਲੂ ਨਾਲ ਉਸ ਦੇ ਦੋ ਬੱਚੇ ਆ ਰਹੇ ਹਨ। ਭਾਲੂਆਂ ਨਾਲ ਉਸ ਦੀ ਏਨੀ ਸਾਂਝ ਹੋ ਗਈ ਹੈ ਕਿ ਉਸ ਨੇ ਇਨ੍ਹਾਂ ਦਾ ਨਾਮਕਰਨ ਵੀ ਕਰ ਦਿਤਾ ਹੈ। ਜੰਗਲਾਤ ਵਿਭਾਗ ਦੇ ਏਰੀਆ ਰੇਂਜਰ ਸਲੀਮ ਖ਼ਾਨ ਨੇ ਭਾਲੂਆਂ ਦੇ ਉਥੇ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੀਤਾਰਾਮ ਦੇ ਭਜਨ ਗਾਉਣ ਦੌਰਾਨ ਕੁੱਝ ਭਾਲੂ ਉਸ ਕੋਲ ਆ ਕੇ ਬੈਠ ਜਾਂਦੇ ਹਨ ਤੇ ਉਸ 'ਤੇ ਕਦੇ ਹਮਲਾ ਨਹੀਂ ਕੀਤਾ।