ਮਨਜੀਤ ਸਿੰਘ ਜੀਕੇ ਨੂੰ ਦਿੱਲੀ ਕਮੇਟੀ ਵਿਚੋਂ ਵਿਖਾਇਆ ਬਾਹਰ ਦਾ ਰਸਤਾ, ਹਾਊਸ ਦੀ ਮੀਟਿੰਗ 'ਚ ਐਲਾਨ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਦਾ ਦਿਨ ਰਿਹਾ ਸਖ਼ਤ ਫ਼ੈਸਲਿਆਂ ਦੇ ਨਾਮ

file photo

ਨਵੀਂ ਦਿੱਲੀ : ਮਨਜੀਤ ਸਿੰਘ ਜੀਕੇ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਬਾਹਰ ਦਾ ਰਸਤਾ ਵਿਖਾ ਦਿਤਾ ਗਿਆ ਹੈ। ਅੱਜ ਮਨਜਿੰਦਰ ਸਿੰਘ ਸਿਰਸਾ ਦੀ ਪ੍ਰਧਾਨਗੀ ਹੇਠ ਹੋਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਉਨ੍ਹਾਂ ਦੀ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਮੁਲਤਵੀ ਦਾ ਐਲਾਨ ਕੀਤਾ ਗਿਆ।  ਜੀਕੇ ਦੀ ਮੁਅਤਲੀ ਦੀਆਂ ਕਿਆਸ-ਅਰਾਈਆਂ ਦਾ ਬਾਜ਼ਾਰ ਪਹਿਲਾਂ ਹੀ ਗਰਮ ਸੀ। ਮੀਟਿੰਗ ਦੌਰਾਨ ਹੋਰ ਵੀ ਕਈ ਸਖ਼ਤ ਫ਼ੈਸਲੇ ਲਏ ਗਏ।

ਇਨ੍ਹਾਂ ਫ਼ੈਸਲਿਆਂ ਬਾਰੇ ਡੀਐਸਜੀਐਮਸੀ ਦੇ ਅਧਿਕਾਰਤ ਵੈਟਸਐਪ ਗਰੁੱਪ 'ਤੇ ਪਹਿਲਾਂ ਹੀ ਇਕ ਸੁਨੇਹਾ ਵਾਇਰਲ ਸੀ ਜਿਸ 'ਚ ਸਾਫ਼ ਸਾਫ਼ ਕਿਹਾ ਗਿਆ ਸੀ ਕਿ ਹੁਣ ਆਉਂਦੇ ਸਮੇਂ ਅੰਦਰ ਕੋਈ ਵੀ ਮੈਂਬਰ 'ਗੋਲਕ ਚੋਰੀ ਬਾਰੇ ਸੋਚਣ ਦੀ ਜੁਰਅਤ ਨਹੀਂ ਕਰੇਗਾ।

ਕਮੇਟੀ ਦੇ ਗਠਨ ਤੋਂ ਲੈ ਕੇ ਅੱਜ ਤਕ ਦਾ ਇਹ ਪਹਿਲਾ ਅਜਿਹਾ ਫ਼ੈਸਲਾ ਹੈ ਜਿਸ ਨਾਲ ਸਭ ਨੂੰ ਸਬਕ ਮਿਲੇਗਾ। ਗਰੁੱਪ 'ਚ ਜਨਰਲ ਹਾਊਸ ਦੀ ਮੀਟਿੰਗ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਗਿਆ ਸੀ ਕਿ ਤੁਸੀਂ ਸਾਰੇ ਇਨ੍ਹਾਂ ਇਤਿਹਸਾਕ ਪਲਾਂ ਦੇ ਗਵਾਹ ਬਣੋ।

ਇਸੇ ਦੌਰਾਨ 'ਜਾਗੋ' ਪਾਰਟੀ ਦੇ ਆਗੂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਬਾਅਦ ਦੁਪਹਿਰ 2:30 ਵਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਬਾਰੇ 'ਵੱਡਾ ਧਮਾਕਾ' ਕਰਨ ਐਲਾਨ ਕੀਤਾ ਹੋਇਆ ਸੀ।

ਇਹ ਪ੍ਰੈੱਸ ਕਾਨਫ਼ਰੰਸ ਦਿੱਲੀ 'ਚ ਪ੍ਰੈੱਸ ਕਲੱਫ਼ ਆੱਫ਼ ਇੰਡੀਆ ਦੇ ਸਾਹਮਣੇ ਚੇਮਸਫ਼ੋਰਡ ਕਲੱਬ 'ਚ ਹੋਣੀ ਤੈਅ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਜਿੱਥ ਅੱਜ ਦਿੱਲੀ ਦੀ ਸਿੱਖ ਸਿਆਸਤ ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਉਥੇ ਆਉਂਦੇ ਦਿਨਾਂ ਦੌਰਾਨ ਵੱਡੀ ਉਥਲ-ਪੁਥਲ ਹੋਣ ਦੇ ਅਸਾਰ ਵੀ ਬਣਦੇ ਜਾ ਰਹੇ ਹਨ।