ਹੁਣ ਮਨਜੀਤ ਸਿੰਘ ਜੀਕੇ ਨੇ ਖੋਲ੍ਹਿਆ ਅਕਾਲੀ ਦਲ ਵਿਰੁਧ ਮੋਰਚਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਇਆ ਸੰਕਟ ਹੋਰ ਗਹਿਰਾਉਂਦਾ ਜਾ ਰਿਹਾ ਹੈ। ਪਾਰਟੀ ਤੋਂ ਸੀਨੀਅਰ ਲੀਡਰਾਂ ਦੀ ਨਾਰਾਜ਼ਗੀ ਦੇ ਸੁਰ ਹੁਣ ਪੰਜਾਬ ਤੋਂ ਦਿੱਲੀ ਤਕ ਪਹੁੰਚ ...

Manjeet Singh GK

ਨਵੀਂ ਦਿੱਲੀ (ਸ਼ਾਹ) : ਸ਼੍ਰੋਮਣੀ ਅਕਾਲੀ ਦਲ ਵਿਚ ਪੈਦਾ ਹੋਇਆ ਸੰਕਟ ਹੋਰ ਗਹਿਰਾਉਂਦਾ ਜਾ ਰਿਹਾ ਹੈ। ਪਾਰਟੀ ਤੋਂ ਸੀਨੀਅਰ ਲੀਡਰਾਂ ਦੀ ਨਾਰਾਜ਼ਗੀ ਦੇ ਸੁਰ ਹੁਣ ਪੰਜਾਬ ਤੋਂ ਦਿੱਲੀ ਤਕ ਪਹੁੰਚ ਗਏ ਹਨ। ਪਾਰਟੀ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਸ਼ੁਰੂ ਹੋਇਆ ਬਗ਼ਾਵਤਾਂ ਦਾ ਸਿਲਸਿਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਢੀਂਡਸਾ ਤੋਂ ਬਾਅਦ ਮਾਝੇ ਦੇ ਤਿੰਨ ਟਕਸਾਲੀ ਆਗੂਆਂ ਦੀ ਬਗ਼ਾਵਤ ਦੇ ਸੁਰ ਹਾਲੇ ਠੰਡੇ ਨਹੀਂ ਹੋਏ ਕਿ ਹੁਣ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਪ੍ਰਧਾਨਗੀ ਤੋਂ ਕਿਨਾਰਾ ਕਰਦਿਆਂ ਅਕਾਲੀ ਦਲ ਵਿਰੁਧ ਮੋਰਚਾ ਖੋਲ੍ਹ ਦਿਤਾ ਹੈ।

ਮਨਜੀਤ ਸਿੰਘ ਜੀਕੇ ਨੇ ਆਪਣਾ ਕੰਮਕਾਜ ਠੱਪ ਕਰਦਿਆਂ ਕਮੇਟੀ ਦੇ ਦਫ਼ਤਰ ਜਾਣਾ ਵੀ ਛੱਡ ਦਿਤਾ ਹੈ। ਅਪਣੇ ਤੋਂ ਬਾਅਦ ਉਨ੍ਹਾਂ ਨੇ ਕਮੇਟੀ ਦਾ ਕਾਰਜਭਾਰ ਗੁਰੂ ਘਰਾਂ ਦੇ ਪ੍ਰਬੰਧਨ ਤੇ ਦਫ਼ਤਰੀ ਕੰਮਕਾਜ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਪੀ.ਐਸ. ਕਾਲਕਾ ਨੂੰ ਸੰਭਾਲ ਦਿਤਾ ਹੈ। ਭਾਵੇਂ ਕਿ ਉਹ ਪੰਜ ਅਕਤੂਬਰ ਤੋਂ ਹੀ ਦਫ਼ਤਰ ਨਹੀਂ ਆ ਰਹੇ ਪਰ ਅੱਜ ਸਾਰੇ ਪਾਸੇ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਅੱਗ ਵਾਂਗ ਫੈਲ ਗਈ।

ਇਸ ਮਾਮਲੇ ਨੂੰ ਲੈ ਕੇ ਭਾਵੇਂ ਕਿ ਮਨਜੀਤ ਸਿੰਘ ਜੀਕੇ ਦੇ ਬੋਲਾਂ ਵਿਚੋਂ ਪਾਰਟੀ ਪ੍ਰਤੀ ਬਗ਼ਾਵਤੀ ਸੁਰਾਂ ਸਾਫ਼ ਝਲਕ ਰਹੀਆਂ ਸਨ। ਇਸ ਦੇ ਨਾਲ ਹੀ ਜੀਕੇ ਨੇ ਪਾਰਟੀ ਵਿਚ ਹੋਏ ਕੁੱਝ ਗ਼ਲਤ ਫ਼ੈਸਲਿਆਂ ਦੀ ਗੱਲ ਨੂੰ ਵੀ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਤੋਂ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੇ ਵਿਰੋਧ ਵਿਚ ਸਨ...ਪਰ ਉਸ ਸਮੇਂ ਪਾਰਟੀ ਹਾਈਕਮਾਨ ਦਾ ਫ਼ੈਸਲਾ ਉਨ੍ਹਾਂ ਦੀ ਸੋਚ ਤੋਂ ਉਲਟ ਸੀ।ਦਸ ਦਈਏ ਕਿ ਪਿਛਲੇ ਦਿਨੀਂ ਅਮਰੀਕਾ ਵਿਚ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਬੇਅਦਬੀਆਂ ਤੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਨੂੰ ਲੈ ਕੇ ਅਕਾਲੀ ਦਲ ਦਾ ਸਾਥ ਦੇਣ 'ਤੇ ਕੁੱਝ ਸਿੱਖ ਨੌਜਵਾਨਾਂ ਵਲੋਂ ਜੀ.ਕੇ. ਦੀ ਕੁੱਟਮਾਰ ਕੀਤੀ ਗਈ ਸੀ।

ਹਾਲੇ ਕੁੱਝ ਦਿਨ ਪਹਿਲਾਂ ਹੀ ਜੀ.ਕੇ. ਨੂੰ ਹਜ਼ੂਰ ਸਾਹਿਬ, ਨਾਂਦੇੜ ਵਿਖੇ ਹਰਸਿਮਰਤ ਬਾਦਲ ਨਾਲ ਦੇਖਿਆ ਗਿਆ ਸੀ। ਉੱਥੇ ਵੀ ਸਿੱਖਾਂ ਵਲੋਂ ਉਨ੍ਹਾਂ ਦਾ ਕਾਫ਼ੀ ਵਿਰੋਧ ਕੀਤਾ ਗਿਆ ਸੀ। ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਜੀਕੇ 'ਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਉਨ੍ਹਾਂ ਨੇ ਜੀਕੇ ਨੂੰ ਅਸਤੀਫ਼ਾ ਦੇਣ ਦਾ ਅਲਟੀਮੇਟਮ ਦਿਤਾ ਸੀ ਪਰ ਜੀਕੇ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਹੁਣ ਉਹ ਮੀਡੀਆ ਸਾਹਮਣੇ ਜੀਕੇ ਵਲੋਂ ਕੀਤੇ ਗਏ ਘਪਲਿਆਂ ਦਾ ਸਬੂਤਾਂ ਸਮੇਤ ਪਰਦਾਫਾਸ਼ ਕਰਨਗੇ।

ਜਿੱਥੇ ਐਤਵਾਰ ਨੂੰ ਪੰਜਾਬ ਦੇ ਬਰਗਾੜੀ ਵਿਖੇ ਹੋਏ ਰੋਸ ਮਾਰਚ ਵਿਚਲੇ ਭਾਰੀ ਇਕੱਠ ਨੇ ਅਕਾਲੀ ਦਲ ਨੂੰ ਧੂੜ ਚਟਾ ਦਿਤੀ ਹੈ। ਉਥੇ ਹੀ ਹੁਣ ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਜੀਕੇ ਵਲੋਂ ਮਿਲੇ ਝਟਕੇ ਤੋਂ ਬਾਅਦ ਅਕਾਲੀ ਦਲ ਵਿਚਲਾ ਸੰਕਟ ਹੋਰ ਜ਼ਿਆਦਾ ਗੰਭੀਰ ਹੋ ਗਿਆ ਹੈ।