ਪੁਲਵਾਮਾ ਦੇ ਸ਼ਹੀਦਾਂ ਨੂੰ ਪੀਐਮ ਮੋਦੀ ਨੇ ਦਿੱਤੀ ਸ਼ਰਧਾਂਜਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ‘ਦੇਸ਼ ਤੁਹਾਡੀ ਸ਼ਹਾਦਤ ਨੂੰ ਨਹੀਂ ਭੁੱਲੇਗਾ’

Photo

ਨਵੀਂ ਦਿੱਲੀ: ਪੁਲਵਾਮਾ ਅਤਿਵਾਦੀ ਹਮਲੇ ਦੀ ਪਹਿਲੀ ਬਰਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਭਾਰਤ ਅਪਣੇ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਕਦੀ ਨਹੀਂ ਭੁੱਲੇਗਾ। ਪੀਐਮ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੁਲਵਾਮਾ ਹਮਲੇ ਵਿਚ ਜਾਨ ਗਵਾਉਣ ਵਾਲੇ ਇਹ ਜਵਾਨ ਸਧਾਰਨ ਵਿਅਕਤੀ ਨਹੀਂ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਅਤੇ ਰੱਖਿਆ ਲਈ ਅਪਣਾ ਜੀਵਨ ਸਮਰਪਿਤ ਕੀਤਾ।

ਪੀਐਮ ਮੋਦੀ ਨੇ ਅਪਣੇ ਟਵੀਟ ਵਿਚ ਲਿਖਿਆ, ‘ਪਿਛਲੇ ਸਾਲ ਪੁਲਵਾਮਾ ਹਮਲੇ ਵਿਚ ਜਾਨ ਗਵਾਉਣ ਵਾਲੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ। ਪੁਲਵਾਮਾ ਹਮਲੇ ਵਿਚ ਜਾਨ ਗਵਾਉਣ ਵਾਲੇ ਇਹ ਜਵਾਨ ਸਧਾਰਨ ਵਿਅਕਤੀ ਨਹੀਂ ਸੀ, ਜਿਨ੍ਹਾਂ ਨੇ ਸਾਡੇ ਦੇਸ਼ ਦੀ ਸੇਵਾ ਅਤੇ ਰੱਖਿਆ ਲਈ ਅਪਣਾ ਜੀਵਨ ਸਮਰਪਿਤ ਕੀਤਾ। ਭਾਰਤ ਉਹਨਾਂ ਦੀ ਸ਼ਹਾਦਤ ਨੂੰ ਕਦੀ ਨਹੀਂ ਭੁੱਲੇਗਾ’।

ਦੱਸ ਦਈਏ ਕਿ ਸਾਲ 2019 ਵਿਚ 14 ਫਰਵਰੀ ਨੂੰ ਜਦੋਂ ਕਈ ਲੋਕ ਵੈਲੇਨਟਾਈਨ ਡੇਅ 'ਤੇ ਆਪਣੇ ਦੋਸਤਾਂ ਨਾਲ ਇਸ ਦਿਨ ਦਾ ਜਸ਼ਨ ਮਨਾ ਰਹੇ ਸਨ, ਉਸ ਸਮੇਂ ਹੀ ਦੁਪਹਿਰ ਸਮੇਂ ਟੀਵੀ 'ਤੇ ਇਕ ਅਜਿਹੀ ਖ਼ਬਰ ਆਈ ਕਿ ਪੂਰਾ ਦੇਸ਼ ਕੰਬ ਗਿਆ। ਸਾਰੇ ਹੈਰਾਨ ਹੋ ਗਏ ਅਤੇ ਲੋਕਾਂ ਦੇ ਦਿਲ ਰੋਏ ਪਏ। ਦੇਸ਼ ਵਾਸੀ 14 ਫਰਵਰੀ ਦਾ ਦਿਨ ਕਦੇ ਨਹੀਂ ਭੁੱਲਣਗੇ।

ਬੁਜ਼ਦਿਲ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਜਵਾਨਾਂ ਖ਼ਿਲਾਫ਼ ਇਕ ਵੱਡੀ ਸਾਜਿਸ਼ ਰਚੀ। ਜਿਸ ਵਿੱਚ ਸਾਡੇ 40 ਤੋਂ ਵੱਧ ਬਹਾਦਰ ਪੁੱਤਰ ਸ਼ਹੀਦ ਹੋਏ। ਅੱਜ ਇਸ ਹਮਲੇ ਦੀ ਪਹਿਲੀ ਬਰਸੀ ‘ਤੇ ਦੇਸ਼ ਭਰ ਵਿਚ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੁਲਵਾਮਾ ਦੇ ਸ਼ਹੀਦਾਂ ਨੂੰ ਟਵੀਟ ਕਰ ਕੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਕੇਂਦਰੀ ਰਿਜ਼ਰਵ ਸੁਰੱਖਿਆ ਫੋਰਸ (ਸੀਆਪੀਐਫ) ਦੇ ਜਵਾਨਾਂ ਨੇ ਵੀ ਅਪਣੇ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।