ਸੁਪਰੀਮ ਕੋਰਟ ਨੇ ਫੜਿਆ ਨਿਰਭਿਆ ਦੇ ਦੋਸ਼ੀ ਦਾ ਝੂਠ, ਕਹਿ ਦਿਤੀ ਵੱਡੀ ਗੱਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਤਾਜ਼ਾ ਮੈਡੀਕਲ ਰਿਪੋਰਟ ਅਨੁਸਾਰ ਦੋਸ਼ੀ ਵਿਨੈ ਦੀ ਨਾ ਸਿਰਫ ਸਰੀਰਕ ਹਾਲਤ ਠੀਕ ਹੈ ਬਲਕਿ ਮਾਨਸਿਕ ਹਾਲਤ ਵੀ ਬਿਲਕੁਲ ਠੀਕ ਹੈ।

Photo

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਨਿਰਭਯਾ ਦੇ ਦੋਸ਼ੀ ਵਿਨੈ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਮੈਡੀਕਲ ਰਿਪੋਰਟ ਮੁਤਾਬਕ ਨਿਰਭਯਾ ਦੇ ਦੋਸ਼ੀ ਵਿਨੈ ਦੀ ਮਾਨਸਿਕ ਹਾਲਤ ਬਿਲਕੁਲ ਠੀਕ ਹੈ। ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਤਾਜ਼ਾ ਮੈਡੀਕਲ ਰਿਪੋਰਟ ਅਨੁਸਾਰ ਦੋਸ਼ੀ ਵਿਨੈ ਦੀ ਨਾ ਸਿਰਫ ਸਰੀਰਕ ਹਾਲਤ ਠੀਕ ਹੈ ਬਲਕਿ ਮਾਨਸਿਕ ਹਾਲਤ ਵੀ ਬਿਲਕੁਲ ਠੀਕ ਹੈ।

ਦੋਸ਼ੀ ਵਿਨੈ ਸ਼ਰਮਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਰਹਿਮ ਪਟੀਸ਼ਨ ਖਾਰਜ ਕਰਨ ਖਿਲਾਫ਼ ਸੁਪਰੀਮ ਕੋਰਟ ਵਿਚ ਪਟੀਸ਼ਨ ਦਰਜ ਕੀਤੀ ਸੀ। ਉਸ ਨੇ ਮਾਨਸਿਕ ਹਾਲਤ ਠੀਕ ਨਾ ਹੋਣ ਦੀ ਦਲੀਲ ਦਿੱਤੀ ਸੀ। ਉਸ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸਾਹਮਣੇ ਸਾਰੇ ਦਸਤਾਵੇਜ਼ ਨਹੀਂ ਰੱਖੇ ਗਏ ਸਨ।

ਹਾਲਾਂਕਿ ਸੁਪਰੀਮ ਕੋਰਟ ਨੇ ਦੋਸ਼ੀ ਵਿਨੈ ਦੀਆਂ ਇਹਨਾਂ ਦਲੀਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਰਾਸ਼ਟਰਪਤੀ ਦੇ ਸਾਹਮਣੇ ਸਾਰੇ ਦਸਤਾਵੇਜ਼ ਰੱਖੇ ਗਏ ਸੀ। ਜਸਟਿਸ ਆਰ ਭਾਨੂਮਤੀ, ਜਸਟਿਸ ਅਸ਼ੋਕ ਭੁਸ਼ਣ ਅਤੇ ਜਸਟਿਸ ਏ ਐਸ ਬੋਪੱਨਾ ਦੀ ਬੈਂਚ ਨੇ ਦੋਸ਼ੀ ਵਿਨੈ ਦੀਆਂ ਦਲੀਲਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਸਾਰੀਆਂ ਫਾਈਲਾਂ ਨੂੰ ਦੇਖ ਕੇ ਵਿਚਾਰ ਕੀਤਾ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਡੈੱਥ ਵਾਰੰਟ ਜਾਰੀ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ 17 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਸੀ। ਕੋਰਟ ਨੇ ਕਿਹਾ ਸੀ ਕਿ ਨਿਰਭਯਾ ਦੇ ਦੋਸ਼ੀ ਆਖਰੀ ਸਾਹ ਤੱਕ ਕਾਨੂੰਨੀ ਉਪਾਅ ਦੀ ਵਰਤੋਂ ਕਰਨ ਦੇ ਹੱਕਦਾਰ ਹਨ ਅਤੇ ਉਹਨਾਂ ਦੇ ਮੌਲਿਕ ਅਧਿਕਾਰਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਹੈ।