ਮਾਰਗਰਿਤਾ (ਆਸਾਮ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਾਂਗਰਸ ਅਤੇ ਇਸ ਦੇ ਆਗੂ ਰਾਹੁਲ ਗਾਂਧੀ ‘ਤੇ ਰਾਜਨੀਤਕ ਪਾਰਟੀਆਂ ਨਾਲ ਗਠਜੋੜ ਕਰਨ ਲਈ ਤਿਖੇ ਹਮਲੇ ਕੀਤੇ ਜੋ “ਦੇਸ਼ ਨੂੰ ਵੰਡਣਾ ਚਾਹੁੰਦੇ ਹਨ।” ਸ਼ਾਹ ਨੇ ਕਿਹਾ ਕਿ ਭਾਜਪਾ ਵੋਟ ਦੀ ਰਾਜਨੀਤੀ ਨਹੀਂ ਕਰਦੀ ਹੈ। ਸ਼ਾਹ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ “15 ਸਾਲ ਰਾਜ ਕਰਨ ਅਤੇ ਪ੍ਰਧਾਨ ਮੰਤਰੀ ਬਣਨ ਦੇ ਬਾਵਜੂਦ” ਗੁਆਂਢੀ ਦੇਸ਼ਾਂ ਤੋਂ ਗ਼ੈਰ ਕਾਨੂੰਨੀ ਘੁਸਪੈਠ ਦੇ ਮੁੱਦੇ ਨੂੰ ਸੁਲਝਾਉਣ ਲਈ ਕੁੱਝ ਨਹੀਂ ਕੀਤਾ।
ਸ਼ਾਹ ਅਸਿੱਧੇ ਤੌਰ ’ਤੇ ਰਾਜ ਸਭਾ ਵਿਚ ਆਸਾਮ ਦੀ ਨੁਮਾਇੰਦਗੀ ਕਰਨ ਵਾਲੇ ਮਨਮੋਹਨ ਸਿੰਘ ਦਾ ਜ਼ਿਕਰ ਕਰ ਰਹੇ ਸਨ। ਇਥੇ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਕਾਂਗਰਸ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਇਸ ਨੇ ਆਸਾਮ ਵਿਚ ਬਦਰੂਦੀਨ ਅਜਮਲ ਦੀ ਏਆਈਯੂਡੀਐਫ, ਕੇਰਲ ਵਿਚ ਮੁਸਲਿਮ ਲੀਗ ਅਤੇ ਪਛਮੀ ਬੰਗਾਲ ਵਿਚ ਇੰਡੀਅਨ ਸੈਕੂਲਰ ਫ਼ਰੰਟ ਨਾਲ ਸਮਝੌਤਾ ਕੀਤਾ ਹੈ। ਆਸਾਮ ਅਜਮਲ ਦੇ ਹੱਥਾਂ ਵਿਚ ਸੁਰੱਖਿਅਤ ਨਹੀਂ ਰਹਿ ਸਕਦਾ।
ਉਨ੍ਹਾਂ ਕਿਹਾ ਕਿ ਆਸਾਮ ਦੇ ਲੋਕ ਫ਼ੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਦੀ ਭਲਾਈ ਲਈ ਸੱਭ ਤੋਂ ਜ਼ਿਆਦਾ ਚਿੰਤਤ ਕੌਣ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਬਦਰੂਦੀਨ ਅਜਮਲ। ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਜਪਾ ਨੇ ਉਨ੍ਹਾਂ ਘੁਸਪੈਠੀਆਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿਤਾ, ਜਿਨ੍ਹਾਂ ਨੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿਚ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ ਅਤੇ ਧਾਰਮਕ ਸੰਸਥਾਵਾਂ ਦੇ ਮਾਲਕੀਅਤ ਵਾਲੇ ਪਲਾਟਾਂ ’ਤੇ ਕਬਜ਼ਾ ਕਰ ਲਿਆ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜ ਸਾਲ ਪਹਿਲਾਂ, ਭਾਜਪਾ ਦੇ ਪ੍ਰਧਾਨ ਹੋਣ ਦੇ ਨਾਤੇ, ਮੈਂ ਆਸਾਮ ਨੂੰ “ਅੰਦੋਲਨ ਮੁਕਤ” ਅਤੇ “ਅਤਿਵਾਦ ਮੁਕਤ” ਬਣਾਉਣ ਦਾ ਵਾਅਦਾ ਕੀਤਾ ਸੀ। ਅਸੀਂ ਅਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਹੁਣ ਰਾਜ ਵਿਚ ਕੋਈ ਅੰਦੋਲਨ ਜਾਂ ਅਤਿਵਾਦ ਨਹੀਂ ਹੈ। ਸ਼ਾਹ ਨੇ ਦਾਅਵਾ ਕੀਤਾ ਕਿ ਆਸਾਮ ਸ਼ਾਂਤੀ ਅਤੇ ਵਿਕਾਸ ਦਾ ਅਨੁਭਵ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਹੋਰ ਪੰਜ ਸਾਲ ਦੇ ਦਿਉ ਅਤੇ ਅਸੀਂ ਘੁਸਪੈਠ ਦੀ ਸਮੱਸਿਆ ਨੂੰ ਵੀ ਹੱਲ ਕਰਨ ਦੇ ਯੋਗ ਹੋਵਾਂਗੇ। ਸ਼ਾਹ ਨੇ ਕਾਂਗਰਸੀ ਆਗੂਆਂ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਸੱਤਾ ਵਿਚ ਆਉਣ ’ਤੇ ਬਾਗ਼ਾਂ ਵਿਚ ਚਾਹ ਲਾਉਣ ਵਾਲੇ ਕਾਮਿਆਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ। ਸ਼ਾਹ ਨੇ ਕਿਹਾ ਕਿ ਪਾਰਟੀ ਸਿਰਫ ਚੋਣਾਂ ਦੌਰਾਨ ਇਨ੍ਹਾਂ ਮਜ਼ਦੂਰਾਂ ਨੂੰ ਯਾਦ ਕਰਦੀ ਹੈ।