ਆਮਦਨ ਵਧਾਉਣ ਲਈ ਰੇਲਵੇ ਦਾ ਨਵਾਂ ਫੁਰਮਾਨ, ਰਾਤਰੀ ਸਫਰ ਦੌਰਾਨ ਵਧੇਰੇ ਕਿਰਾਇਆ ਵਸੂਲਣ ਦੀ ਯੋਜਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਯਾਤਰੀਆਂ 'ਤੇ ਬੋਝ ਪਾਉਣ ਦੀ ਤਿਆਰੀ, ਵਸੂਲਿਆ ਜਾ ਸਕਦਾ 20% ਵਧੇਰੇ ਕਿਰਾਇਆ

Railway

ਨਵੀਂ ਦਿੱਲੀ: ਤੇਲ ਕੀਮਤਾਂ ਵਿਚ ਵਾਧੇ ਨਾਲ ਜੂਝ ਰਹੇ ਲੋਕਾਂ 'ਤੇ ਰੇਲਵੇ ਵੱਲੋਂ ਵੀ ਬੋਝ ਪਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਰੇਲਵੇ ਵੱਲੋਂ ਇਹ ਬੋਝ ਰਾਤ ਨੂੰ ਸਫਰ ਕਰਨ ਵਾਲਿਆਂ 'ਤੇ ਪਵੇਗਾ। ਰੇਲਵੇ ਵੱਲੋਂ ਰਾਤ ਨੂੰ ਰੇਲ ਗੱਡੀਆਂ ਵਿਚ ਸਫਰ ਕਰਨ ਵਾਲੇ ਯਾਤਰੀਆਂ ਤੋਂ 10 ਤੋਂ 20 ਪ੍ਰਤੀਸ਼ਤ ਵਧੇਰੇ ਕਿਰਾਇਆ ਲਿਆ ਜਾ ਸਕਦਾ ਹੈ।  ਸੂਤਰਾਂ ਮੁਤਾਬਕ ਅਧਿਕਾਰੀਆਂ ਨੇ ਰੇਲਵੇ ਦੀ ਆਮਦਨ ਵਧਾਉਣ ਲਈ ਰੇਲਵੇ ਮੰਤਰਾਲੇ ਨੂੰ ਇਹ ਸੁਝਾਅ ਦਿੱਤਾ ਹੈ, ਜਿਸ ‘ਤੇ ਮਾਰਚ ਦੇ ਅੰਤ ਤਕ ਫ਼ੈਸਲਾ ਲਿਆ ਜਾਵੇਗਾ।

ਰੇਲਵੇ ਅਧਿਕਾਰੀਆਂ ਨੇ ਮੰਤਰਾਲੇ ਨੂੰ ਦੱਸਿਆ ਕਿ ਰਾਤ ਨੂੰ ਭੁਪਾਲ ਤੋਂ ਦਿੱਲੀ ਤੇ ਮੁੰਬਈ ਜਾਣ ਵਾਲੇ ਯਾਤਰੀਆਂ ਨੂੰ ਵਧੇਰੇ ਸਹੂਲਤਾਂ ਮਿਲਦੀਆਂ ਹਨ। ਇਸ ਕਾਰਨ ਕਰਕੇ, ਰੇਲਵੇ ਨਾਈਟ ਜਰਨੀ ਦੇ ਨਾਮ ਤੇ ਉਨ੍ਹਾਂ ਨੂੰ ਸਲੀਪਰ ਸ਼੍ਰੇਣੀ ਵਿਚ 10%, ਏ.ਸੀ.-3 ਵਿਚ 15% ਤੇ ਏ.ਸੀ.-1 ਤੇ 2 ਵਿਚ 20% ਵਾਧੂ ਕਿਰਾਇਆ ਵਸੂਲ ਸਕਦੀ ਹੈ।

ਦਰਅਸਲ, ਪਿਛਲੇ ਸਾਲ, ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਦੇ ਉਦੇਸ਼ ਨਾਲ, ਰੇਲ ਗੱਡੀਆਂ ਦਾ ਸੰਚਾਲਨ ਲਗਭਗ ਛੇ ਮਹੀਨਿਆਂ ਲਈ ਰੋਕਿਆ ਗਿਆ ਸੀ। ਇਸ ਫ਼ੈਸਲੇ ਨੇ ਰੇਲਵੇ ਦੀ ਵਿੱਤੀ ਸਥਿਤੀ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ, ਜਿਸ ਤੋਂ ਬਾਅਦ ਰੇਲਵੇ ਨੇ ਆਪਣੀ ਆਮਦਨ ਦੇ ਸਰੋਤਾਂ ਨੂੰ ਵਧਾਉਣ ਲਈ ਵੱਖ ਵੱਖ ਜ਼ੋਨਾਂ ਤੋਂ ਰੇਲਵੇ ਦੇ ਸੁਝਾਅ ਮੰਗੇ ਸਨ।

ਇਸ ਤੋਂ ਬਾਅਦ ਆਏ ਸੁਝਾਵਾਂ ਵਿਚ ਰਾਤ ਨੂੰ ਸਫਰ ਕਰਨ ਵਾਲਿਆਂ ਤੋਂ ਵੱਧ ਵਸੂਲੀ ਦੀ ਗੱਲ ਵੀ ਸਾਹਮਣੇ ਆਈ ਹੈ। ਸੁਝਾਅ ਮੁਤਾਬਕ ਜਦੋਂ ਯਾਤਰੀ ਰਾਤ ਨੂੰ ਸਫ਼ਰ ਕਰਨਾ ਪਸੰਦ ਕਰਦੇ ਹਨ, ਤਾਂ ਰੇਲਵੇ ਨੂੰ ਉਨ੍ਹਾਂ ਦੇ ਅਨੁਸਾਰ ਉਕਤ ਕਿਰਾਏ ਲੈਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਉਸ ਦੀ ਆਮਦਨੀ ਵਧੇਗੀ। ਇਸ ਦੇ ਨਾਲ ਹੀ ਯਾਤਰੀਆਂ ਦੀਆਂ ਸਹੂਲਤਾਂ ਵਧਾਉਣ ਲਈ ਫੰਡ ਵੀ ਇਕੱਤਰ ਕੀਤੇ ਜਾਣਗੇ।

ਸੁਝਾਅ ਮੁਤਾਬਕ ਅਜਿਹਾ ਕਰਨ ਨਾਲ ਰੇਲਵੇ ਨੂੰ ਉਹ ਯੋਜਨਾਵਾਂ ਪੂਰੀਆਂ ਕਰਨ ਵਿਚ ਮਦਦ ਮਿਲੇਗੀ ਜੋ ਫੰਡਾਂ ਦੀ ਘਾਟ ਕਾਰਨ ਰੁਕੀਆਂ ਹੋਈਆਂ ਹਨ। ਇਸ ਤੋਂ ਇਲਾਵਾ ਰੇਲਵੇ ਬੋਰਡ ਨੂੰ  ਬੈੱਡਰੋਲ ਦਾ ਕਿਰਾਇਆ 60 ਰੁਪਏ ਤਕ ਵਧਾਉਣ ਦਾ ਸੁਝਾਅ ਵੀ ਮਿਲਿਆ ਹੈ। ਕੁਝ ਰੇਲਵੇ ਅਧਿਕਾਰੀਆਂ ਨੇ ਸੁਝਾਅ ਦਿੰਦਿਆਂ ਦਲੀਲ ਦਿੱਤੀ ਕਿ ਪਿਛਲੇ 10 ਸਾਲਾਂ ਦੌਰਾਨ ਬੈੱਡਰੋਲਾਂ ਨੂੰ ਧੋਣ ਦੀ ਕੀਮਤ ਵਿਚ 50 ਪ੍ਰਤੀਸ਼ਤ ਤੱਕ ਦਾ ਵਾਧਾ ਹੋਇਆ ਹੈ ਜਦਕਿ ਯਾਤਰੀਆਂ ਤੋਂ ਬੈੱਡਰੋਲਾਂ ਦਾ ਕਿਰਾਇਆ ਵੱਧ ਤੋਂ ਵੱਧ 25 ਰੁਪਏ ਹੀ ਵਸੂਲਿਆ ਜਾ ਰਿਹਾ ਹੈ।