ਅਈਅਰ ਨੇ ਪੀਐਮ ਮੋਦੀ ‘ਤੇ ਅਪਣੇ ਬਿਆਨ ਨੂੰ ਠਹਿਰਾਇਆ ਸਹੀ
ਕਾਂਗਰਸ ਦੇ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਨੇ ਇਕ ਲੇਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦਿੱਤੇ ਗਏ ਅਪਣੇ ਵਿਵਾਦਿਤ ਬਿਆਨ ਨੂੰ ਸਹੀ ਠਹਿਰਾਇਆ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਨੇ ਇਕ ਲੇਖ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਦਿੱਤੇ ਗਏ ਅਪਣੇ ਵਿਵਾਦਿਤ ਬਿਆਨ ਨੂੰ ਸਹੀ ਠਹਿਰਾਇਆ ਹੈ। ਉਹਨਾਂ ਨੇ ਪੁੱਛਿਆ ਹੈ ਕਿ ਕੀ ਪੀਐਮ ਮੋਦੀ ਨੂੰ ਸੁਣ ਕੇ ਮੇਰੀ ਭਵਿੱਖਬਾਣੀ ਸਹੀ ਲੱਗ ਰਹੀ ਹੈ? 2017 ਵਿਚ ਅਈਅਰ ਵੱਲੋਂ ਪੀਐਮ ਮੋਦੀ ਲਈ ‘ਨੀਚ’ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਕਾਂਗਰਸ ਨੇ ਇਕ ਵਾਰ ਫਿਰ ਅਈਅਰ ਦੇ ਬਿਆਨ ਤੋਂ ਪੱਲਾ ਝਾੜ ਲਿਆ ਹੈ ਅਤੇ ਇਸ ਨੂੰ ਉਹਨਾਂ ਦਾ ਨਿਜੀ ਵਿਚਾਰ ਦੱਸਿਆ ਹੈ।
ਇਸ ਬਿਆਨ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸੇ ਦੌਰਾਨ ਅਈਅਰ ਨੇ ਅਪਣੇ ਲੇਖ ‘ਤੇ ਸਫਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 2017 ਵਿਚ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਅਈਅਰ ਨੇ ਪੀਐਮ ਮੋਦੀ ਨੂੰ ‘ਨੀਚ ਕਿਸਮ ਦਾ ਆਦਮੀ’ ਕਿਹਾ ਸੀ। ਉਸ ਸਮੇਂ ਇਸ ਮਾਮਲੇ ‘ਤੇ ਕਾਫੀ ਬਵਾਲ ਖੜਾ ਹੋਇਆ ਸੀ ਅਤੇ ਕਾਂਗਰਸ ਨੇ ਅਖੀਰ ਵਿਚ ਅਈਅਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਸੀ। ਹਾਲਾਂਕਿ 2018 ਵਿਚ ਉਹਨਾਂ ਨੂੰ ਫਿਰ ਤੋਂ ਸ਼ਾਮਿਲ ਕਰ ਲਿਆ ਗਿਆ ਹੈ।
ਹੁਣ ਅਈਅਰ ਨੇ ਇਕ ਲੇਖ ਵਿਚ ਮੌਜੂਦਾ ਚੋਣ ਪ੍ਰਚਾਰ ਦੌਰਾਨ ਪੀਐਮ ਮੋਦੀ ਦੇ ਬਿਆਨਾਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ 2017 ਵਿਚ ਮੈਂ ਜੋ ਭਵਿੱਖਬਾਣੀ ਕੀਤੀ ਸੀ ਕੀ ਉਹ ਸਹੀ ਹੈ? ਅਈਅਰ ਦੇ ਇਸ ਲੇਖ ਤੋਂ ਬਾਅਦ ਭਾਜਪਾ ਹਮਲੇ ਕਰ ਰਹੀ ਹੈ। ਪਾਰਟੀ ਦੇ ਆਗੂ ਸੰਬਿਤ ਪਾਤਰਾ ਨੇ ਇਸ ‘ਤੇ ਟਵੀਟ ਕੀਤਾ ਹੈ। ਉਹਨਾਂ ਕਿਹਾ ਕਿ ਪਿਆਰ ਦੀ ਸਿਆਸਤ ਵਿਚ ਗਾਂਧੀ ਪਰਿਵਾਰ ਦੇ ਇਕ ਹੋਰ ਮਣੀ ਨੇ ਮੋਦੀ ‘ਤੇ ਦਿੱਤੇ ਗਏ ਅਪਣੇ ਪੁਰਾਣੇ ਬਿਆਨ ਨੂੰ ਸਹੀ ਠਹਿਰਾਇਆ ਹੈ।
ਜਦੋਂ ਇਸ ਲੇਖ ਬਾਰੇ ਅਈਅਰ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਮੀਡੀਆ ਦਾ ਸ਼ਿਕਾਰ ਹੋਏ ਹਨ, ਉਹਨਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਅਨੁਸਾਰ ਪੂਰੇ ਲੇਖ ਦੀ ਬਜਾਏ ਇਕ ਲਾਈਨ ‘ਤੇ ਸਵਾਲ ਚੁੱਕਣਾ ਸਹੀ ਨਹੀਂ ਹੈ।