ਸਰਕਾਰ ਵਿਰੁਧ ਦੋਸ਼ ਲਾਉਣ ਵਾਲਾ ਦੇਸ਼ਧ੍ਰੋਹ 'ਚ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੋਸ਼ ਲਾਇਆ ਸੀ ਕਿ ਛੱਤੀਸਗੜ੍ਹ ਸਰਕਾਰ ਦੀ ਇਨਵਰਟਰ ਕੰਪਨੀਆਂ ਨਾਲ ਮਿਲੀਭੁਗਤ ਹੈ

Chhattisgarh Man Arrested for 'Spreading Rumours' About Power Cuts

ਰਾਜਨਾਂਦਗਾਂਵ : ਛੱਤੀਸਗੜ੍ਹ ਦੇ ਰਾਜਨਾਂਦਗਾਂਵ ਜ਼ਿਲ੍ਹੇ ਵਿਚ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਰਾਜ ਸਰਕਾਰ ਵਿਰੁਧ ਇਨਵਰਟਰ ਕੰਪਨੀਆਂ ਨਾਲ ਮਿਲੀਭੁਗਤ ਦਾ ਦੋਸ਼ ਲਾਉਣ ਵਾਲੇ ਪੇਂਡੂ ਨੂੰ ਦੇਸ਼ਧ੍ਰੋਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਪੇਂਡੂ ਦੀ ਵੀਡੀਉ ਸੋਸ਼ਲ ਮੀਡੀਆ ਵਿਚ ਕਾਫ਼ੀ ਫੈਲਣ ਮਗਰੋਂ ਇਹ ਕਾਰਵਾਈ ਹੋਈ ਹਾਲਾਂਕਿ ਮਾਮਲਾ ਵਧਦਾ ਵੇਖ ਕੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਅਧਿਕਾਰੀਆਂ ਨੂੰ ਦੇਸ਼ਧ੍ਰੋਹ ਦਾ ਕੇਸ ਫ਼ੌਰੀ ਤੌਰ 'ਤੇ ਵਾਪਸ ਲੈਣ ਦੇ ਹੁਕਮ ਦਿਤੇ।

ਮੁੱਖ ਮੰਤਰੀ ਨੇ ਕਿਹਾ ਕਿ ਵਿਚਾਰ ਪ੍ਰਗਟ ਕਰਨਾ ਲੋਕਾਂ ਦਾ ਅਧਿਕਾਰ ਹੈ ਅਤੇ ਉਹ ਇਸ ਦੇ ਹਮਾਇਤੀ ਹਨ। ਉਨ੍ਹਾਂ ਕਿਹਾ ਕਿ ਦੇਸ਼ਧ੍ਰੋਹ ਦੇ ਕੇਸ ਦਰਜ ਕਰਨਾ ਪਿਛਲੀ ਭਾਜਪਾ ਸਰਕਾਰ ਦੀ ਰਵਾਇਤ  ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਰਾਜ ਸਰਕਾਰ ਵਿਰੁਧ ਉਕਤ ਦੋਸ਼ ਲਾਉਣ ਵਾਲੇ 53 ਸਾਲਾ ਮਾਂਗੇਲਾਲ ਅਗਰਵਾਲ ਵਿਰੁਧ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਸੋਸ਼ਲ ਮੀਡੀਆ ਵਿਚ ਵੀਡੀਉ ਫੈਲਣ ਮਗਰੋਂ ਛੱਤੀਸਗੜ੍ਹ ਪਾਵਰ ਕੰਪਨੀ ਨੇ ਇਸ ਮਾਮਲੇ ਵਿਚ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ।

ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਮਾਮਲੇ ਦੀ ਛਾਣਬੀਣ ਕੀਤੀ ਅਤੇ ਬਾਅਦ ਵਿਚ ਅਗਰਵਾਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਉਸ ਦਾ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਿਆ। ਅਖ਼ੀਰ, ਮੁੱਖ ਮੰਤਰੀ ਦੇ ਹੁਕਮਾਂ 'ਤੇ ਕੇਸ ਵਾਪਸ ਲੈ ਲਿਆ ਗਿਆ ਅਤੇ ਪੁਲਿਸ ਨੇ ਕਿਹਾ ਕਿ ਉਸ ਵਿਰੁਧ ਦੇਸ਼ਧ੍ਰੋਹ ਦਾ ਕੇਸ ਨਹੀਂ ਬਣਦਾ, ਇਸ ਲਈ ਧਾਰਾ 124 ਨੂੰ ਵਾਪਸ ਲੈ ਲਿਆ ਗਿਆ ਪਰ ਸਥਾਨਕ ਅਦਾਲਤ ਨੇ ਧਾਰਾ 505 ਤਹਿਤ ਮੁਲਜ਼ਮ ਨੂੰ ਪੰਜ ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।