ਪਾਕਿ ਫ਼ੌਜ ਮੁਖੀ ਦੀ ਗਲਵੱਕੜੀ ਸਿੱਧੂ ਨੂੰ ਪਈ ਮਹਿੰਗੀ, ਦੇਸ਼ਧ੍ਰੋਹ ਦਾ ਮੁਕੱਦਮਾ ਦਾਇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਰੁਧ ਬਿਹਾਰ ਦੇ ਮੁਜ਼ੱਫ਼ਰਪੁਰ ਵਿਚ ਮੁਕੱਦਮਾ ਦਾਇਰਕੀਤਾ ਗਿਆ ਹੈ। ਪਾਕਿਸਤਾਨ...

Navjot Singh Sidhu

ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਸਰਕਾਰ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਰੁਧ ਬਿਹਾਰ ਦੇ ਮੁਜ਼ੱਫ਼ਰਪੁਰ ਵਿਚ ਮੁਕੱਦਮਾ ਦਾਇਰ ਕੀਤਾ ਗਿਆ ਹੈ। ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਗਲੇ ਮਿਲਣ ਦੀ ਵਜ੍ਹਾ ਨਾਲ ਸਿੱਧੂ ਦੇ ਵਿਰੁਧ ਦੇਸ਼ਧ੍ਰੋਹ ਦੀਆਂ ਧਾਰਾਵਾਂ ਵਿਚ ਇਹ ਮੁਕੱਦਮਾ ਦਾਇਰ ਕਰਵਾਇਆ ਗਿਆ ਹੈ। ਇਹ ਮੁਕੱਦਮਾ ਸੀਜੇਐਮ ਦੀ ਅਦਾਲਤ ਵਿਚ ਦਾਇਰ ਹੋਇਆ ਹੈ। ਵਕੀਲ ਸੁਧੀਰ ਓਝਾ ਨੇ ਮੁਕੱਦਮਾ ਦਾਇਰ ਕਰਵਾਉਂਦੇ ਹੋਏ ਕਿਹਾ ਕਿ ਸਿੱਧੂ ਨੇ ਪਾਕਿਸਤਾਨ ਫ਼ੌਜ ਮੁਖੀ ਨੂੰ ਗਲੇ ਮਿਲ ਕੇ ਭਾਰਤੀ ਫ਼ੌਜ ਦਾ ਅਪਮਾਨ ਕੀਤਾ ਹੈ।

ਦਸ ਦਈਏ ਕਿ ਸਿੱਧੂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿਚ ਗਏ ਸਨ ਅਤੇ ਉਥੇ ਪਾਕਿ ਫ਼ੌਜ ਮੁਖੀ ਜਨਰਲ ਕਮਰ ਬਾਜਵਾ ਨੂੰ ਗਲੇ ਮਿਲੇ ਸਨ। ਇਸ ਨੂੰ ਲੈ ਕੇ ਭਾਰਤ ਵਿਚ ਕਾਫ਼ੀ ਹੰਗਾਮਾ ਮਚਿਆ ਹੋਇਆ ਹੈ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਦੀ ਖ਼ਿਲਾਫ਼ਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਾਕਿ ਫ਼ੌਜ ਮੁਖੀ ਨੂੰ ਗਲੇ ਮਿਲਣਾ ਠੀਕ ਨਹੀਂ ਹੈ। ਸਿੱਧੂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ਉਥੇ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਮੇਰੇ ਕੋਲ ਆ ਕੇ ਆਖੇ ਕਿ ਅਸੀਂ ਇਕ ਹੀ ਸਭਿਆਚਾਰ ਨਾਲ ਸਬੰਧ ਰੱਖਦੇ ਹਾਂ ਅਤੇ ਅਸੀਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਕਰਤਾਰਪੁਰ ਸਾਹਿਬ ਸਰਹੱਦ ਨੂੰ ਖੋਲ੍ਹਾਂਗੇ ਤਾਂ ਮੈਂ ਕੀ ਕਰਦਾ? ਸਿੱਧੂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਪ੍ਰਧਾਨ ਦੇ ਕੋਲ ਬੈਠਣ 'ਤੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਨੂੰ ਮਹਿਮਾਨ ਦੇ ਤੌਰ 'ਤੇ ਬੁਲਾਇਆ ਜਾਂਦਾ ਹੈ ਤਾਂ ਜਿੱਥੇ ਬੈਠਣ ਲਈ ਕਿਹਾ ਜਾਂਦਾ ਹੈ, ਤੁਸੀਂ ਉਥੇ ਹੀ ਬੈਠਦੇ ਹੋ।

ਮੈਨੂੰ ਪੀਓਕੇ ਮੁਖੀ ਮਸੂਦ ਖ਼ਾਨ ਦੇ ਕੋਲ ਬੈਠਣ ਲਈ ਕਿਹਾ ਗਿਆ ਸੀ। ਫਿਲਹਾਲ ਸਿੱਧੂ ਦਾ ਇਹ ਮਾਮਲਾ ਕਾਫ਼ੀ ਗਰਮਾਇਆ ਹੋÎਇਆ ਹੈ ਪਰ ਜੇਕਰ ਸਿੱਧੂ ਦੇ ਪਾਕਿ ਜਾਣ ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਹੈ, ਭਾਵੇਂ ਇਕ ਦਿਨ ਲਈ ਹੀ ਕਿਉਂ ਨਾ ਹੋਵੇ, ਤਾਂ ਸਿੱਧੂ ਦਾ ਪਾਕਿਸਤਾਨ ਜਾਣਾ ਸਾਰਥਕ ਕਿਹਾ ਜਾ ਸਕਦਾ ਹੈ ਅਤੇ ਇਹ ਦੋਵੇਂ ਦੇਸ਼ਾਂ ਦੇ ਨਵੇਂ ਰਿਸ਼ਤਿਆਂ ਵੱਲ ਵਧਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੋਵੇਗਾ। 

Related Stories