ਹੜਤਾਲੀ ਡਾਕਟਰਾਂ ਨਾਲ ਗੱਲਬਾਤ ਕਰ ਕੇ ਮਾਮਲਾ ਸੁਲਝਾਏ ਮਮਤਾ ਸਰਕਾਰ : ਕੋਲਕਾਤਾ ਹਾਈ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਮਤਾ ਸਰਕਾਰ ਦੇ ਵਿਰੋਧ 'ਚ ਪੱਛਮ ਬੰਗਾਲ ਦੇ 43 ਡਾਕਟਰਾਂ ਨੇ ਸਮੂਹਕ ਅਸਤੀਫ਼ਾ ਦਿੱਤਾ

Duty of the government to find a way out: Calcutta HC asks Mamata Banerjee

ਕੋਲਕਾਤਾ : ਪੱਛਮ ਬੰਗਾਲ 'ਚ ਚੱਲ ਰਹੀ ਡਾਕਟਰਾਂ ਦੀ ਹੜਤਾਲ ਵਿਚਕਾਰ ਕੋਲਕਾਤਾ ਹਾਈ ਕੋਰਟ ਨੇ ਵੱਡਾ ਆਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਬੰਗਾਲ ਸਰਕਾਰ ਨੂੰ ਕਿਹਾ ਹੈ ਕਿ ਉਹ ਤੁਰੰਤ ਹੜਤਾਲ ਕਰ ਰਹੇ ਡਾਕਟਰਾਂ ਨਾਲ ਗੱਲਬਾਤ ਕਰਨ ਅਤੇ ਮਾਮਲੇ ਨੂੰ ਸੁਲਝਾਉਣ। ਇੰਨਾ ਹੀ ਨਹੀਂ, ਹਾਈ ਕੋਰਟ ਨੇ ਮਮਤਾ ਸਰਕਾਰ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੇ ਡਾਕਟਰਾਂ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਹਨ। ਜ਼ਿਕਰਯੋਗ ਹੈ ਕਿ ਇਕ ਜੂਨੀਅਰ ਡਾਕਟਰ ਨਾਲ ਮਾਰਕੁੱਟ ਹੋਣ ਕਾਰਨ ਸੂਬੇ ਭਰ 'ਚ ਡਾਕਟਰ ਹੜਤਾਲ ਕਰ ਰਹੇ ਹਨ।

ਸ਼ੁਕਰਵਾਰ ਨੂੰ ਇਸ ਮਾਮਲੇ 'ਤੇ ਕੋਲਕਾਤਾ ਹਾਈ ਕੋਰਟ 'ਚ ਸੁਣਵਾਈ ਹੋਈ। ਹਾਈਕੋਰਟ ਵੱਲੋਂ ਸੂਬੇ ਦੀ ਮਮਤਾ ਬੈਨਰਜ਼ੀ ਸਰਕਾਰ ਨੂੰ ਹੜਤਾਲ ਕਰ ਰਹੇ ਡਾਕਟਰਾਂ ਨਾਲ ਗੱਲਬਾਤ ਕਰਨ ਨੂੰ ਕਿਹਾ ਗਿਆ ਅਤੇ ਗੱਲਬਾਤ ਨਾਲ ਪੂਰਾ ਮਾਮਲਾ ਹੱਲ ਕਰਨ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੰ ਡਾਕਟਰਾਂ ਨੇ ਐਲਾਨ ਕੀਤਾ ਸੀ ਕਿ ਉਹ ਹੜਤਾਲ 'ਤੇ ਜਾਣਗੇ ਅਤੇ ਸ਼ੁਕਰਵਾਰ ਨੂੰ ਅਜਿਹਾ ਹੀ ਹੋਇਆ। 

ਬੰਗਾਲ ਦੇ ਡਾਕਟਰਾਂ ਦਾ ਸਮਰਥਨ ਪੂਰੇ ਦੇਸ਼ 'ਚ ਹੋ ਰਿਹਾ ਹੈ। ਰਾਜਧਾਨੀ ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਹੈਦਰਾਬਾਦ, ਵਾਰਾਣਸੀ, ਨਾਗਪੁਰ, ਸਮੇਤ ਕਈ ਸੂਬਿਆਂ ਅਤੇ ਵੱਡੇ ਸ਼ਹਿਰਾਂ 'ਚ ਡਾਕਟਰ ਹੜਤਾਲ 'ਤੇ ਹਨ। ਸੜਕਾਂ 'ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਹੜਤਾਲ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮਮਤਾ ਸਰਕਾਰ ਦੇ ਵਿਰੋਧ 'ਚ ਪੱਛਮ ਬੰਗਾਲ ਦੇ 43 ਡਾਕਟਰਾਂ ਨੇ ਸਮੂਹਕ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਵਾਲੇ ਡਾਕਟਰਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉੱਥੇ ਹੀ ਮਮਤਾ ਬੈਨਰਜ਼ੀ ਨੇ ਇਸ ਨੂੰ ਭਾਰਤੀ ਜਨਤਾ ਪਾਰਟੀ ਦੀ ਸਾਜਿਸ਼ ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਭਾਜਪਾ ਬੰਗਾਲ 'ਚ ਮਾਹੌਲ ਵਿਗਾੜਨਾ ਚਾਹੁੰਦੀ ਹੈ। ਇਸ ਲਈ ਡਾਕਟਰਾਂ ਨੂੰ ਭੜਕਾਇਆ ਜਾ ਰਿਹਾ ਹੈ।

ਕੀ ਹੈ ਮਾਮਲਾ :
ਬੀਤੀ 10 ਜੂਨ ਦੀ ਰਾਤ ਇਕ 77 ਸਾਲ ਦੇ ਬਜ਼ੁਰਗ ਮੁਹੰਮਦ ਸ਼ਾਹਿਦ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਨੇ ਦੋ ਜੂਨੀਅਰ ਡਾਕਟਰਾਂ 'ਤੇ ਹਮਲਾ ਕਰ ਦਿਤਾ ਸੀ। ਦੋਵੇਂ ਡਾਕਟਰ ਗੰਭੀਰ ਜ਼ਖ਼ਮੀ ਹੋ ਗਏ ਸਨ, ਜਦਕਿ ਕਈਆਂ ਨੂੰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਹਮਲਾਵਰਾਂ ਦੇ ਵਿਰੁਧ ਕਾਰਵਾਈ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਸਾਰੇ ਜੂਨੀਅਰ ਡਾਕਟਰ ਹੜਤਾਲ 'ਤੇ ਚਲੇ ਗਏ। ਹਸਪਤਾਲ ਦੀ ਓਪੀਡੀ ਦਾ ਕੰਮ ਬੰਦ ਕਰ ਦਿਤਾ ਗਿਆ। ਇਸ ਨਾਲ ਮਰੀਜ਼ਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਜਦੋਂ ਮਮਤਾ ਬੈਨਰਜ਼ੀ ਨੇ ਹੜਤਾਲ ਵਾਲੇ ਡਾਕਟਰਾਂ ਦੀ ਨਿਖੇਧੀ ਕੀਤੀ ਤਾਂ ਮਾਮਲਾ ਹੋਰ ਗਰਮਾ ਗਿਆ।