ਫਿਰ ਟੁੱਟਿਆ ਰਿਕਾਰਡ, 24 ਘੰਟਿਆਂ 'ਚ ਕਰੀਬ 12 ਹਜ਼ਾਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

Corona Virus

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ 311 ਲੋਕਾਂ ਦੀ ਮੌਤ ਇਸ ਮਹਾਂਮਾਰੀ ਕਾਰਨ ਹੋਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦਾ ਅੰਕੜਾ ਵਧ ਕੇ 9195 ਹੋ ਗਿਆ ਹੈ। ਮਰੀਜਾਂ ਦੇ ਠੀਕ ਹੋਣ ਦੀ ਦਰ ਪਹਿਲੀ ਵਾਰ 50 ਫੀਸਦੀ ਤੋਂ ਜ਼ਿਆਦਾ ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ 11,929 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਕੁੱਲ 3,20,922 ਕੋਰੋਨਾ ਮਾਮਲੇ ਹਨ, ਜਿਨ੍ਹਾਂ ਵਿਚੋਂ 1,49,384 ਐਕਟਿਵ ਮਾਮਲੇ ਹਨ। ਰਾਹਤ ਦੀ ਖ਼ਬਰ ਇਹ ਹੈ ਕਿ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਜ਼ਿਆਦਾ ਹੈ। ਹੁਣ ਤੱਕ 1,62,379 ਮਰੀਜਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।

ਇਹ ਪਹਿਲਾ ਮੌਕਾ ਹੈ ਜਦੋਂ ਰਿਕਵਰੀ ਰੇਟ 50 ਫੀਸਦੀ ਤੋਂ ਉੱਪਰ ਹੋ ਗਿਆ ਹੈ। ਯਾਨੀ ਦੇਸ਼ ਵਿਚ ਕੋਵਿਡ ਮਹਾਂਮਾਰੀ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਦਰ 50.59% ਹੋ ਗਈ ਹੈ। ਕਾਫੀ ਦਿਨਾਂ ਤੋਂ ਰਿਕਵਰੀ ਰੇਟ 48% ਤੋਂ 49% ਵਿਚਕਾਰ ਸੀ ਪਰ ਹੁਣ ਇਹ 50% ਤੋਂ ਉੱਪਰ ਹੋ ਗਿਆ ਹੈ।

ਦੱਸ ਦਈਏ ਕਿ ਦੇਸ਼ ਅੰਦਰ ਸਿਰਫ਼ 10 ਦਿਨਾਂ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਦੋ ਲੱਖ ਤੋਂ ਵੱਧ ਕੇ ਤਿੰਨ ਲੱਖ ਤੋਂ ਪਾਰ ਹੋ ਗਏ ਹਨ। ਇਕ ਦਿਨ 'ਚ ਸੱਭ ਤੋਂ ਜ਼ਿਆਦਾ 11,458 ਮਾਮਲੇ ਸਾਹਮਣੇ ਆਉਣ ਨਾਲ ਸਨਿਚਰਵਾਰ ਨੂੰ ਲਾਗ ਦੇ ਕੁਲ ਮਾਮਲੇ ਵੱਧ ਕੇ 3,08,993 ਹੋ ਗਏ। ਜਦਕਿ ਲਾਗ ਨਾਲ 386 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 8884 ਹੋ ਗਈ ਸੀ।