ਦੇਸ਼ ਦੇ ਕਈ ਹਿੱਸਿਆਂ 'ਚ ਹੋਇਆ ਕੋਰੋਨਾ ਵਾਇਰਸ ਦਾ ਕਮਿਊਨਿਟੀ ਪਸਾਰ : ਮਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਆਈ.ਸੀ.ਐਮ.ਆਰ. ਸਰਵੇ ਮੌਜੂਦਾ ਸਚਾਈ ਨਹੀਂ ਵਿਖਾਉਂਦਾ

Covid 19

ਨਵੀਂ ਦਿੱਲੀ: ਦੇਸ਼ ਅੰਦਰ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ 'ਚ ਤੇਜ਼ੀ ਆਉਣ ਵਿਚਕਾਰ ਸਨਿਚਰਵਾਰ ਨੂੰ ਮਾਹਰਾਂ ਨੇ ਕੋਰੋਨਾ ਵਾਇਰਸ ਦਾ ਕਮਿਊਨਿਟੀ ਪਸਾਰ ਨਾ ਹੋਣ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਲਈ ਉਸ ਨੂੰ ਲੰਮੇ ਹੱਥੀਂ ਲਿਆ। ਮਾਹਰਾਂ ਨੇ ਕਿਹਾ ਹੈ ਕਿ ਇਹ ਮੌਜੂਦਾ ਹਾਲਾਤ ਨੂੰ ਸਹੀ ਨਹੀਂ ਵਿਖਾਉਂਦਾ ਅਤੇ ਸਰਕਾਰ ਸੱਚਾਈ ਮੰਨਣ ਪ੍ਰਤੀ ਅੜੀਅਲ ਰਵਈਆ ਵਿਖਾ ਰਹੀ ਹੈ।

ਦੇਸ਼ ਦੇ ਕਈ ਹਿੱਸਿਆਂ 'ਚ ਕਮਿਊਨਿਟੀ ਪਸਾਰ 'ਤੇ ਜ਼ੋਰ ਦਿੰਦਿਆਂ ਮਾਹਰਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਇਸ ਨੂੰ ਮਨਜ਼ੂਰ ਕਰਨ ਜਿਸ ਨਾਲ ਲੋਕ ਲਾਪ੍ਰਵਾਹ ਨਾ ਹੋਣ। ਭਾਰਤੀ ਮੈਡੀਕਲ ਰੀਸਰਚ ਕੌਂਸਲ (ਆਈ.ਸੀ.ਐਮ.ਆਰ.) ਦੇ ਡਾਇਰੈਕਟਰ ਜਨਰਲ ਬਲਰਾਮ ਭਾਗਵਰ ਨੇ ਸਰਵੇਖਣ ਦੇ ਨਤੀਜੇ ਜਾਰੀ ਕਰਦਿਆਂ ਮੀਡੀਆ ਨੂੰ ਕਿਹਾ ਸੀ ਕਿ ਭਾਰਤ ਯਕੀਨੀ ਤੌਰ 'ਤੇ ਅਜੇ ਕਮਿਊਨਿਟੀ ਪਸਾਰ ਦੇ ਪੜਾਅ 'ਚ ਨਹੀਂ ਹੈ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਿਸ਼ਾਣੂ ਰੋਗ ਵਿਗਿਆਨ, ਲੋਕ ਸਿਹਤ ਅਤੇ ਮੈਡੀਕਲ ਦੇ ਖੇਤਰ ਨਾਲ ਜੁੜੇ ਮਾਹਹਰਾਂ ਨੇ ਇਹ ਵਿਚਾਰ ਪ੍ਰਗਟਾਏ ਹਨ। ਸੀਰੋ-ਸਰਵੇਖਣ ਅਨੁਸਾਰ 65 ਜ਼ਿਲ੍ਹਿਆਂ ਦੀ ਰੀਪੋਰਟ ਮੁਤਾਬਕ 26,400 ਲੋਕਾਂ 'ਤੇ ਕੀਤੇ ਸਰਵੇਖਣ 'ਚ 0.73 ਫ਼ੀ ਸਦੀ ਸਾਰਸ-ਸੀ.ਓ.ਵੀ.-2 ਦੀ ਮਾਰ ਹੇਠ ਪਹਿਲਾਂ ਆ ਚੁੱਕੇ ਹਨ। ਏਮਜ਼ ਦੇ ਸਾਬਕਾ ਡਾਇਰੈਕਟਰ ਡਾ. ਐਮ.ਸੀ. ਮਿਸ਼ਰਾ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਦੇ ਕਈ ਹਿੱਸਿਆਂ 'ਚ ਕਮਿਊਨਿਟੀ ਪ੍ਰਸਾਰ ਹੋ ਚੁੱਕਾ ਹੈ।

ਮਿਸ਼ਰਾ ਨੇ ਕਿਹਾ, ''ਵੱਡੇ ਪੱਧਰ 'ਤੇ ਲੋਕਾਂ ਦੀ ਹਿਜਰਤ ਅਤੇ ਤਾਲਾਬੰਦੀ 'ਚ ਛੋਟ ਨਾਲ ਇਸ 'ਚ ਹੋਰ ਤੇਜ਼ੀ ਆਈ ਅਤੇ ਇਹ ਬਿਮਾਰੀ ਉਨ੍ਹਾਂ ਇਲਾਕਿਆਂ 'ਚ ਵੀ ਪੁੱਜ ਗਈ ਜਿੱਥੇ ਕੋਈ ਮਾਮਲਾ ਨਹੀਂ ਸੀ। ਸਰਕਾਰ ਨੂੰ ਅਜਿਹੇ ਸਮੇਂ 'ਚ ਅੱਗੇ ਆ ਕੇ ਇਸ ਨੂੰ ਮੰਨਣਾ ਚਾਹੀਦਾ ਹੈ ਜਿਸ ਨਾਲ ਲੋਕ ਜ਼ਿਆਦਾ ਚੌਕਸ ਰਹਿਣ ਅਤੇ ਲਾਪ੍ਰਵਾਹ ਨਾ ਬਣਨ।'' ਪ੍ਰਮੁੱਖ ਵਿਸ਼ਾਣੂ ਰੋਗ ਮਾਹਰ ਸ਼ਾਹਿਦ ਜਮੀਲ ਨੇ ਕਿਹਾ ਕਿ ਭਾਰਤ ਕਾਫ਼ੀ ਪਹਿਲਾਂ ਕਮਿਊਨਿਟੀ ਪ੍ਰਸਾਰ ਦੇ ਪੜਾਅ ਤਕ ਪਹੁੰਚ ਚੁੱਕਾ ਸੀ।

ਉਨ੍ਹਾਂ ਕਿਹਾ, ''ਗੱਲ ਸਿਰਫ਼ ਏਨੀ ਹੈ ਕਿ ਸਿਹਤ ਅਧਿਕਾਰੀ ਇਸ ਨੂੰ ਮੰਨ ਨਹੀਂ ਰਹੇ ਹਨ। ਇਥੋਂ ਤਕ ਕਿ ਆਈ.ਸੀ.ਐਮ.ਆਰ. ਤਹਿਤ ਆਉਣ ਵਾਲੇ ਐਸ.ਏ.ਆਰ.ਆਈ. (ਗੰਭੀਰ ਸਾਹ ਰੋਕ ਬਿਮਾਰੀ) ਦੇ ਅਧਿਐਨ 'ਚ ਵਿਖਾਇਆ ਗਿਆ ਹੈ ਕਿ ਸਾਰ-ਸੀ.ਓ.ਵੀ.-2 ਨਾਲ ਪੀੜਤ 40 ਫ਼ੀ ਸਦੀ ਲੋਕਾਂ 'ਚ ਕੋਈ ਪਿੱਛੇ ਜਿਹੇ ਵਿਦੇਸ਼ਾ ਯਾਤਰਾ ਕਰਨ ਜਾਂ ਕਿਸੇ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਦੀ ਕੋਈ ਜਾਣਕਾਰੀ ਨਹੀਂ ਸੀ।''

ਦਿੱਲੀ 'ਚ ਸਰ ਗੰਗਾਰਾਮ ਹਸਪਤਾਲ 'ਚ ਕੰਮ ਕਰਨ ਵਾਲੇ ਕੁਮਾਰ ਨੇ ਕਿਹਾ, ''ਭਾਰਤ ਇਕ ਵਿਸ਼ਾਲ ਦੇਸ਼ ਹੈ ਅਤੇ ਹਰ ਸੂਬੇ 'ਚ ਵਾਇਰਸ ਨੂੰ ਲੈ ਕੇ ਤਜਰਬਾ ਵੱਖੋ-ਵਖਰਾ ਹੈ ਅਤੇ ਉਸ ਦੇ ਸਿਖਰ ਤਕ ਪੁਜਣ ਦਾ ਸਮਾਂ ਵੀ ਵੱਖ ਹੈ। ਐਂਟੀਬਾਡੀਜ਼ ਵਿਕਸਤ ਹੋਣ ਨੂੰ ਦੋ ਹਫ਼ਤਿਆਂ ਦਾ ਸਮਾਂ ਲਗਦਾ ਹੈ। ਅਜਿਹੇ 'ਚ ਇਹ ਸਰਵੇਖਣ ਅਪ੍ਰੈਲ ਦੀ ਸਥਿਤੀ ਨੂੰ ਵਿਖਾਉਂਦਾ ਹੈ। ਅਪ੍ਰੈਲ ਦੀ ਸਥਿਤੀ ਦੀ ਪ੍ਰਤੀਨਿਧਗੀ ਕਰਨ ਵਾਲੇ ਅਧਿਐਨ ਦੇ ਆਧਾਰ 'ਤੇ ਇਹ ਕਹਿਣਾ ਕਿ ਅਸੀਂ ਕਮਿਊਨਿਟੀ ਪ੍ਰਸਾਰ ਦੀ ਹਾਲਤ 'ਚ ਨਹੀਂ ਹਾਂ, ਗ਼ਲਤ ਬਿਆਨ ਹੈ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।