ਸੁਪਰੀਮ ਕੋਰਟ ਨੂੰ ਮਿਲੇਗੀ 885 ਕਰੋੜ ਦੀ ਲਾਗਤ ਨਾਲ ਬਣੀ ਇਕ ਹੋਰ ਇਮਾਰਤ
17 ਜੁਲਾਈ ਦੀ ਸ਼ਾਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਇਸ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ।
ਨਵੀਂ ਦਿੱਲੀ: ਭਾਰਤੀ ਸੁਪਰੀਮ ਕੋਰਟ ਨੂੰ ਇਕ ਹੋਰ ਨਵੀਂ ਬਿਲਡਿੰਗ ਬੁੱਧਵਾਰ ਨੂੰ ਮਿਲ ਜਾਵੇਗੀ। 17 ਜੁਲਾਈ ਦੀ ਸ਼ਾਮ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਇਸ ਨਵੀਂ ਬਿਲਡਿੰਗ ਦਾ ਉਦਘਾਟਨ ਕਰਨਗੇ। 12.19 ਏਕੜ ਵਿਚ ਕਰੀਬ 885 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਬਿਲਡਿੰਗ ਵਿਚ 15 ਲੱਖ 40 ਹਜ਼ਾਰ ਵਰਗ ਫੁੱਟ ਜਗ੍ਹਾ ਪ੍ਰਾਪਤ ਹੋਵੇਗੀ। ਸੁਪਰੀਮ ਕੋਰਟ ਨੇੜੇ ਸੜਕ ਦੇ ਦੂਜੇ ਪਾਸੇ ਪ੍ਰਗਤੀ ਮੈਦਾਨ ਦੇ ਨਾਲ ਅੱਪੁ ਘਰ ਨੂੰ ਹਟਾ ਕੇ ਨਵੀਂ ਬਿਲਡਿੰਗ ਬਣਾਈ ਗਈ ਹੈ ਜਦਕਿ ਨਵੀ ਬਿਲਡਿੰਗ ਸੁਪਰੀਮ ਕੋਰਟ ਦੀ ਪੁਰਾਣੀ ਬਿਲਡਿੰਗ ਨਾਲ ਜੁੜੀ ਰਹੇਗੀ, ਜਿਸ ਦਾ ਰਸਤਾ ਅੰਡਰਗਰਾਊਂਡ ਬਣਿਆ ਹੋਇਆ ਹੈ।
ਸੁਪਰੀਮ ਕੋਰਟ ਦਾ ਸਾਰਾ ਪ੍ਰਬੰਧਕੀ ਕੰਮ, ਮਾਮਲਿਆਂ ਦੀ ਫਾਇਲਿੰਗ, ਕੋਰਟ ਦੇ ਫੈਸਲਿਆਂ ਦੀਆਂ ਕਾਪੀਆਂ ਲਿਆਉਣ ਆਦਿ ਸਾਰੇ ਕੰਮ ਪੁਰਾਣੀ ਬਿਲਡਿੰਗ ਤੋਂ ਇਸ ਨਵੀਂ ਬਿਲਡਿੰਗ ਵਿਚ ਸ਼ਿਫਟ ਹੋ ਜਾਣਗੇ। ਸਿਰਫ਼ ਇਹਨੀਂ ਨਹੀਂ ਇਸ ਨਵੀਂ ਬਿਲਡਿੰਗ ਵਿਚ 2000 ਕਾਰਾਂ ਲਈ ਤਿੰਨ ਮੰਜ਼ਲਾ ਪਾਰਕਿੰਗ ਹੋਵੇਗੀ ਅਤੇ ਵਕੀਲਾਂ ਨੂੰ 500 ਨਵੇਂ ਚੈਂਬਰ ਮਿਲਣਗੇ। ਇਸ ਬਿਲਡਿੰਗ ਵਿਚ 650 ਅਤੇ 250 ਲੋਕਾਂ ਦੀ ਸਮਰੱਥਾ ਵਾਲੇ ਦੋ ਆਡੀਟੋਰੀਅਮ ਅਤੇ ਇਕ ਵੱਡਾ ਰਾਊਂਡ ਟੇਬਲ ਕਾਨਫਰੰਸ ਰੂਮ ਬਣਾਇਆ ਗਿਆ ਹੈ। ਮਾਮਲਿਆਂ ਦੀ ਸੁਣਵਾਈ ਕਰਨ ਵਾਲੀਆਂ ਅਦਾਲਤਾਂ ਪੁਰਾਣੀ ਬਿਲਡਿੰਗ ਵਿਚ ਹੀ ਰਹਿਣਗੀਆਂ।
ਇਸ ਦੇ ਨਾਲ ਹੀ ਚੀਫ ਜਸਟਿਸ ਅਤੇ ਹੋਰ ਜੱਜਾਂ ਦੇ ਦਫ਼ਤਰ ਵੀ ਪੁਰਾਣੀ ਬਿਲਡਿੰਗ ਵਿਚ ਬਣੇ ਰਹਿਣਗੇ।ਭਾਰਤੀ ਸੁਪਰੀਮ ਕੋਰਟ ਦੀ ਸ਼ੁਰੂਆਤ 28 ਜਨਵਰੀ 1950 ਨੂੰ ਹੋਈ ਸੀ। ਉਸ ਸਮੇਂ ਕੋਰਟ ਦਾ ਕੰਮ ਸੰਸਦ ਭਵਨ ਦੇ ਕੁਝ ਹਿੱਸੇ ਵਿਚ ਹੁੰਦਾ ਸੀ, ਜੋ ਅੱਠ ਸਾਲ ਬਾਅਦ 1958 ਵਿਚ ਸੁਪਰੀਮ ਕੋਰਟ ਦੀ ਅਪਣੀ ਬਿਲਡਿੰਗ ਵਿਚ ਆ ਗਿਆ। ਸੁਪਰੀਮ ਕੋਰਟ ਵਿਚ ਕੁੱਲ 31 ਜੱਜਾਂ ਦੇ ਅਹੁਦੇ ਹਨ ਅਤੇ ਇਹਨਾਂ ਸਾਰਿਆਂ ਅਹੁਦਿਆਂ ‘ਤੇ ਜੱਜ ਨਿਯੁਕਤ ਹਨ।