ਕਰਨਾਟਕ ਵਿਚ ਸੰਕਟ ਜਾਰੀ : ਸੁਪਰੀਮ ਕੋਰਟ ਪੁੱਜੇ ਬਾਗ਼ੀ 10 ਵਿਧਾਇਕ

ਏਜੰਸੀ

ਖ਼ਬਰਾਂ, ਰਾਜਨੀਤੀ

ਵਿਧਾਨ ਸਭਾ ਸਪੀਕਰ 'ਤੇ ਅਸਤੀਫ਼ੇ ਸਵੀਕਾਰ ਨਾ ਕਰਨ ਦਾ ਲਾਇਆ ਦੋਸ਼

10 rebel Karnataka MLAs of Congress and JD(S) move Supreme Court

ਨਵੀਂ ਦਿੱਲੀ : ਪਿਛਲੇ ਕਈ ਦਿਨਾਂ ਤੋਂ ਕਰਨਾਟਕ ਵਿਚ ਚੱਲ ਰਿਹਾ ਸਿਆਸੀ ਸੰਕਟ ਹਾਲੇ ਵੀ ਜਾਰੀ ਹੈ। ਹੁਣ ਕਾਂਗਰਸ ਅਤੇ ਜੇਡੀਐਸ ਦੇ ਬਾਗ਼ੀ 10 ਵਿਧਾਇਕਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਹੈ ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਹੈ ਕਿ ਵਿਧਾਨ ਸਭਾ ਦੇ ਸਪੀਕਰ ਜਾਣਬੁੱਝ ਕੇ ਉਨ੍ਹਾਂ ਦਾ ਅਸਤੀਫ਼ੇ ਸਵੀਕਾਰ ਨਹੀਂ ਕਰ ਰਹੇ।  

ਅਦਾਲਤ ਵਿਚ ਇਨ੍ਹਾਂ ਵਲੋਂ ਪੇਸ਼ ਹੋਏ ਵਕੀਲ ਮੁਕੁਲ ਰੋਹਤਗੀ ਨੇ ਇਸ ਪਟੀਸ਼ਨ ਨੂੰ ਛੇਤੀ ਸੂਚੀਬੱਧ ਕਰਨ ਦੀ ਅਪੀਲ ਕੀਤੀ ਜਿਸ 'ਤੇ ਅਦਾਲਤ ਨੇ ਉਨ੍ਹਾਂ ਨੂੰ ਭਰੋਸਾ ਦਿਤਾ ਕਿ ਉਹ ਇਹ ਵੇਖੇਗੀ ਕਿ ਕੀ ਇਹ ਪਟੀਸ਼ਨ ਛੇਤੀ ਸੁਣਵਾਈ ਲਈ ਕਲ ਸੂਚੀਬੱਧ ਕੀਤੀ ਜਾ ਸਕਦੀ ਹੈ। ਵਕੀਲ ਨੇ ਕਿਹਾ ਕਿ ਇਹ ਵਿਧਾਇਕ ਪਹਿਲਾਂ ਹੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਚੁੱਕੇ ਹਨ ਅਤੇ ਹੁਣ ਉਹ ਨਵੇਂ ਸਿਰੇ ਤੋਂ ਚੋਣਾਂ ਲੜਨਾ ਚਾਹੁੰਦੇ ਹਨ। ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਵਿਧਾਨ ਸਭਾ ਦੇ ਸਪੀਕਰ ਨੇ ਪੱਖਪਾਤ ਭਰੀ ਕਾਰਵਾਈ ਕੀਤੀ ਹੈ ਅਤੇ ਜਾਣਬੁੱਝ ਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕੀਤੇ ਹਨ। ਸਪੀਕਰ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਸਪੀਕਰ ਨੂੰ ਇਹ ਹੁਕਮ ਦਿਤਾ ਜਾਵੇ ਕਿ ਉਹ ਉਨ੍ਹਾਂ ਦੇ ਅਸਤੀਫ਼ਿਆਂ ਨੂੰ ਸਵੀਕਾਰ ਕਰ ਲੈਣ। ਅਪਣੀ ਪਟੀਸ਼ਨ ਵਿਚ ਇਨ੍ਹਾਂ ਵਿਧਾਇਕਾਂ ਨੇ ਦੋਸ਼ ਲਗਾਇਆ ਕਿ ਸਹੀ ਢੰਗ ਨਾਲ ਅਸਤੀਫ਼ੇ ਦੇਣ ਵਾਲੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਲਈ ਕਾਂਗਰਸ ਨੇ ਸਪੀਕਰ ਕੋਲ ਇਕ ਅਰਜ਼ੀ ਦਾਖ਼ਲ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਸੂਬਾ ਵਿਧਾਨ ਸਭਾ ਦਾ ਸੈਸ਼ਨ 12 ਜੁਲਾਈ ਨੂੰ ਸ਼ੁਰੂ ਹੋਣ ਵਾਲਾ ਹੈ ਤੇ ਸਪੀਕਰ ਨੇ ਉਸੇ ਦਿਨ ਵਿਧਾਇਕਾਂ ਨੂੰ ਨਿਗੀ ਤੌਰ 'ਤੇ ਉਨ੍ਹਾਂ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਜਿਸ ਨਾਲ ਉਨ੍ਹਾਂ ਨੂੰ ਅਯੋਗ ਐਲਾਨ ਕਰਨ ਦੀ ਸਪੀਕਰ ਦੀ ਇੱਛਾ ਦਾ ਪਤਾ ਲਗਦਾ ਹੈ।

ਬਾਗ਼ੀ ਵਿਧਾਇਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਪਣੇ ਅਸਤੀਫ਼ੇ ਸੰਵਿਧਾਨ ਦੀਆਂ ਤਜਵੀਜ਼ਾਂ ਅਤੇ ਨਿਯਮਾਂ ਅਨੁਸਾਰ ਹੀ ਦਿਤੇ ਹਨ, ਇਸ ਲਈ ਇਨ੍ਹਾਂ 'ਤੇ ਇਤਰਾਜ਼ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਅਜਿਹਾ ਲਗਦਾ ਹੈ ਕਿ ਇਹ ਕਾਰਵਾਈ ਵਿਚ ਦੇਰੀ ਕਰਨ ਦੀ ਕੋਸ਼ਿਸ ਹੈ। ਇਸ ਤਰ੍ਹਾਂ ਸੱਤਾਧਿਰ ਨੂੰ ਅਸਤੀਫ਼ੇ ਦੇਣ ਵਾਲੇ ਵਿਧਾਇਕਾਂ 'ਤੇ ਦਬਾਅ ਬਣਾਉਣ ਲਈ ਮੌਕਾ ਦੇਣਾ ਹੈ।

ਸੂਬਾ ਵਿਧਾਨ ਸਭਾ ਦੇ ਸਪੀਕਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ 14 ਬਾਗ਼ੀ ਵਿਧਾਇਕਾਂ ਵਿਚੋਂ 9 ਦੇ ਅਸਤੀਫ਼ੇ ਠੀਕ ਨਹੀਂ ਸਨ। ਕਾਂਗਰਸ ਨੇ ਇਸ ਮਾਮਲੇ ਵਿਚ ਸਪੀਕਰ ਆਰ. ਰਮੇਸ਼ ਕੁਮਾਰ ਨੂੰ ਦਖ਼ਲ ਅਤੇ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਅਪੀਲ ਕੀਤੀ ਹੈ। ਕਾਂਗਰਸ ਨੇ ਭਾਜਪਾ 'ਤੇ ਦੋਸ਼ ਲਗਾਇਆ ਹੈ ਕਿ ਉਹ ਉਨ੍ਹਾਂ ਦੇ ਵਿਧਾਇਕਾਂ ਨੂੰ ਪੈਸੇ ਦਾ ਲਾਲਚ ਦੇ ਰਹੀ ਹੈ ਜਦਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ।