ਸੋਲਨ 'ਚ ਡਿੱਗੀ ਤਿੰਨ ਮੰਜ਼ਲਾ ਇਮਾਰਤ, 15 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

35 ਲੋਕਾਂ ਦੇ ਮਲਬੇ 'ਚ ਦੱਬੇ ਹੋਣ ਦਾ ਖਦਸ਼ਾ

Three story building collapses in Solan

ਸੋਲਨ : ਹਿਮਾਚਲ ਦੇ ਸੋਲਨ ਜ਼ਿਲ੍ਹੇ ਦੇ ਕੁਮਾਰਹੱਟੀ 'ਚ ਐਤਵਾਰ ਦੁਪਹਿਰ ਇਕ ਤਿੰਨ ਮੰਜ਼ਲਾ ਇਮਾਰਤ ਢਹਿ ਢੇਰੀ ਹੋ ਗਈ। ਹਾਦਸੇ ਸਮੇਂ ਇਮਾਰਤ ਅੰਦਰ ਲਗਭਗ 50 ਲੋਕ ਮੌਜੂਦ ਸਨ। ਇਥੇ ਖਾਣਾ ਖਾਣ ਲਈ ਰੁਕੇ ਫ਼ੌਜ ਦੇ 30 ਜਵਾਨ ਵੀ ਮਲਬੇ 'ਚ ਦੱਬ ਗਏ।

ਹਾਦਸੇ 'ਚ ਜਵਾਨਾਂ ਸਮੇਤ 15 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 18 ਲੋਕਾਂ ਨੂੰ ਮਲਬੇ 'ਚੋਂ ਜ਼ਖ਼ਮੀ ਹਾਲਤ 'ਚ ਕੱਢਿਆ ਗਿਆ ਹੈ, ਜਿਸ 'ਚ 10 ਫ਼ੌਜੀ ਹਨ। ਪੁਲਿਸ ਅਤੇ ਬਚਾਅ ਟੀਮ ਮੌਕੇ 'ਤੇ ਪਹੁੰਚ ਗਈ ਹੈ। ਇਮਾਰਤ ਦੇ ਡਿੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ ਹੈ।

ਹਿਮਾਚਲ ਪ੍ਰਦੇਸ਼ 'ਚ ਪਿਛਲੇ ਕਈ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ। ਸਨਿਚਰਵਾਰ ਨੂੰ ਇਥੇ ਇੰਨਾ ਮੀਂਹ ਪਿਆ ਸੀ ਕਿ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਸਨ। ਨਦੀਆਂ ਅਤੇ ਨਾਲੇ ਪਾਣੀ ਨਾਲ ਨੱਕੋ-ਨੱਕ ਭਰੇ ਹੋਏ ਹਨ। ਪਾਣੀ ਸੜਕ ਤਕ ਪਹੁੰਚ ਗਿਆ ਹੈ। ਇਸ ਕਾਰਨ ਮਲਬਾ ਅਤੇ ਚਿੱਕੜ ਘਰਾਂ, ਹੋਟਲਾਂ ਅਤੇ ਕੈਂਪਿੰਗ ਸਾਈਟਾਂ 'ਚ ਦਾਖਲ ਹੋ ਗਿਆ। ਸੋਲਨ-ਚੈਲ ਸੜਕ ਕਈ ਘੰਟੇ ਬੰਦ ਰਹੀ, ਜਿਸ ਕਾਰਨ ਸੈਲਾਨੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।