ਮਨਮੋਹਨ ਸਿੰਘ ਦਾ ਰਾਜ ਸਭਾ ਮੈਂਬਰ ਚੁਣਿਆ ਜਾਣਾ ਤੈਅ, ਭਾਜਪਾ ਨਹੀਂ ਲੜੇਗੀ ਚੋਣ
ਇਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਅਸਾਮ ਤੋਂ ਰਾਜ ਸਭਾ ਲਈ ਚੁਣੇ ਜਾਂਦੇ ਰਹੇ ਹਨ।
ਜੈਪੁਰ : ਰਾਜ ਸਭਾ ਉਪ ਚੋਣਾਂ 'ਚ ਕਾਂਗਰਸੀ ਉਮੀਦਵਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਗੈਰ ਵਿਰੋਧ ਚੁਣੇ ਜਾਣ ਦਾ ਰਸਤਾ ਸਾਫ਼ ਹੋ ਗਿਆ ਹੈ, ਕਿਉਂਕਿ ਭਾਜਪਾ ਇਨ੍ਹਾਂ ਚੋਣਾਂ 'ਚ ਆਪਣਾ ਉਮੀਦਵਾਰ ਨਹੀਂ ਉਤਾਰੇਗੀ। ਰਾਜ ਸਭਾ ਚੋਣਾਂ 'ਚ ਉਮੀਦਵਾਰ ਖੜਾ ਕੀਤੇ ਜਾਣ ਦਾ ਫ਼ੈਸਲਾ ਕਰਨ ਲਈ ਮੰਗਲਵਾਰ ਦੁਪਹਿਰ ਭਾਜਪਾ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਸੀ। ਵਿਧਾਇਕਾਂ ਦੀ ਇਸ ਮਾਮਲੇ 'ਤੇ ਇਕ ਰਾਏ ਨਾ ਹੋਣ ਕਾਰਨ ਸੂਬਾ ਸੰਗਠਨ ਨੇ ਕੇਂਦਰੀ ਸੰਗਠਨ 'ਤੇ ਇਸ ਦਾ ਫ਼ੈਸਲਾ ਛੱਡ ਦਿੱਤਾ ਸੀ। ਕੇਂਦਰੀ ਸੰਗਠਨ ਨੇ ਉਮੀਦਵਾਰ ਨਾ ਉਤਾਰੇ ਜਾਣ ਦਾ ਫ਼ੈਸਲਾ ਕੀਤਾ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਰਹੇ ਮਦਨ ਲਾਲ ਸੈਣੀ ਦੇ ਦੇਹਾਂਤ ਮਗਰੋਂ ਰਾਜਸਥਾਨ ਤੋਂ ਰਾਜ ਸਭਾ ਦੀ ਇਹ ਸੀਟ ਖਾਲੀ ਹੋਈ ਸੀ। ਇਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਅਸਾਮ ਤੋਂ ਰਾਜ ਸਭਾ ਲਈ ਚੁਣੇ ਜਾਂਦੇ ਰਹੇ ਹਨ। ਬੀਤੇ ਮੰਗਲਵਾਰ ਨੂੰ ਜੈਪੁਰ 'ਚ ਮਨਮੋਹਨ ਸਿੰਘ ਨੇ ਰਾਜ ਸਭਾ ਦੀ ਮੈਂਬਰਸ਼ਿਪ ਲਈ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਕੀਤੇ ਸਨ। ਇਸ ਸੀਟ ਲਈ ਉਪ ਚੋਣ 26 ਅਗਸਤ ਨੂੰ ਹੋਵੇਗੀ। ਨਾਮਜ਼ਦਗੀ ਕਾਗ਼ਜ਼ ਦਾਖ਼ਲ ਕਰਨ ਦੀ ਅੰਤਮ ਤਰੀਕ 14 ਅਗਸਤ ਅਤੇ ਨਾਂ ਵਾਪਸ ਲੈਣ ਦੀ ਅੰਤਮ ਤਰੀਕ 19 ਅਗਸਤ ਹੈ।
ਜ਼ਿਕਰਯੋਗ ਹੈ ਕਿ ਰਾਜਸਥਾਨ 'ਚ 10 ਰਾਜ ਸਭਾ ਸੀਟਾਂ 'ਚੋਂ 9 ਭਾਜਪਾ ਕੋਲ ਹਨ। ਇਕ ਸੀਟ ਮਦਨ ਲਾਲ ਸੈਣੀ ਦੇ ਦੇਹਾਂਤ ਮਗਰੋਂ ਖਾਲੀ ਹੋਈ ਹੈ। ਵਿਧਾਨ ਸਭਾ 'ਚ 200 'ਚੋਂ 198 ਵਿਧਾਇਕ ਹਨ। ਇਨ੍ਹਾਂ 'ਚੋਂ ਬਹੁਮਤ ਫਿਲਹਾਲ ਕਾਂਗਰਸ ਦੇ ਪੱਖ 'ਚ ਹੈ। ਭਾਜਪ ਅਤੇ ਇਸ ਦੇ ਸਹਿਯੋਗੀ ਆਰਐਲਪੀ ਕੋਲ 74 ਵਿਧਾਇਕ ਹੀ ਹਨ।