ਕੱਲ੍ਹ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ, ਜਾਣੋ ਕੱਲ੍ਹ ਦਾ ਪੂਰਾ ਪ੍ਰੋਗਰਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

PM Narendra Modi

ਨਵੀਂ ਦਿੱਲੀ: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਖ਼ਾਸ ਤੌਰ ‘ਤੇ ਲਾਲ ਕਿਲ੍ਹੇ ਦੇ ਆਸਪਾਸ ਦੇ ਇਲ਼ਾਕਿਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਪੀਐਮ ਮੋਦੀ ਦੇਸ਼ ਨੂੰ ਸੰਬੋਧਨ ਕਰਨਗੇ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੀਐਮ ਨਰਿੰਦਰ ਮੋਦੀ ਨੂੰ ਗਾਰਡ ਆਫ ਆਨਰ ਦੇਣ ਵਾਲੇ ਸਾਰੇ ਜਵਾਨਾਂ ਨੂੰ ਪਹਿਲਾਂ ਤੋਂ ਹੀ ਕੁਆਰੰਟੀਨ ਕੀਤਾ ਜਾ ਚੁੱਕਾ ਹੈ।

ਸੁਰੱਖਿਆ ਦੇ ਮੱਦੇਨਜ਼ਰ ਲਾਲ ਕਿਲ੍ਹੇ ‘ਤੇ ਕਾਫੀ ਇੰਤਜ਼ਾਮ ਕੀਤੇ ਗਏ ਹਨ। ਉੱਥੇ ਹੀ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਬਾਰੇ ਗੱਲ ਕਰੀਏ ਤਾਂ ਉਹ ਸਵੇਰੇ 7 ਵਜੇ ਰਾਜਘਾਟ ਪਹੁੰਚਣਗੇ ਅਤੇ ਕਰੀਬ 8 ਤੋਂ 10 ਮਿੰਟ ਉੱਥੇ ਰਹਿਣਗੇ। ਕਰੀਬ 7.18 ‘ਤੇ ਪੀਐਮ ਨਰਿੰਦਰ ਮੋਦੀ ਲਾਲ ਕਿਲ੍ਹਾ ਸਥਿਤ ਲਾਹੌਰ ਗੇਟ ਪਹੁੰਚਣੇ, ਜਿੱਥੇ ਰੱਖਿਆ ਮੰਤਰੀ ਅਤੇ ਰੱਖਿਆ ਸਕੱਤਰ ਉਹਨਾਂ ਦਾ ਸਵਾਗਤ ਕਰਨਗੇ।

ਇਸ ਤੋਂ ਬਾਅਦ ਪੀਐਮ ਮੋਦੀ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸਾਢੇ ਸੱਤ ਵਜੇ ਪੀਐਮ ਮੋਦੀ ਝੰਡਾ ਲਹਿਰਾਉਣਗੇ ਅਤੇ ਸੁਰੱਖਿਆ ਬਲਾਂ ਦੇ ਜਵਾਨ ਉਹਨਾਂ ਨੂੰ ਸਲਾਮ ਕਰਨਗੇ। ਇਸ ਤੋਂ ਬਾਅਦ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਬੋਧਨ ਹੋਵੇਗਾ। ਪੀਐਮ ਮੋਦੀ ਦੇ ਸੰਬੋਧਨ ਤੋਂ ਬਾਅਦ ਰਾਸ਼ਟਰੀ ਕੈਡੇਟ ਕਾਰਪਸ ਦੇ ਕੈਡੇਟ ਰਾਸ਼ਟਰੀ ਗਾਣ ਗਾਉਣਗੇ ਅਤੇ ਫਿਰ ਪ੍ਰਧਾਨ ਮੰਤਰੀ ਲਾਲ ਕਿਲ੍ਹੇ ਤੋਂ ਰਵਾਨਾ ਹੋ ਜਾਣਗੇ।

ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਅਜ਼ਾਦੀ ਦਿਹਾੜੇ ਮੌਕੇ ਜਸ਼ਨ ਦੇ ਤਰੀਕੇ ਨੂੰ ਬਦਲਿਆ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ ਜਾਵੇਗਾ, ਪ੍ਰਧਾਨ ਮੰਤਰੀ ਵੀ ਮੌਜੂਦ ਰਹਿਣਗੇ ਪਰ ਕੋਰੋਨਾ ਕਾਰਨ ਕੁਝ ਚੀਜ਼ਾਂ ਪਹਿਲਾਂ ਦੀ ਤਰ੍ਹਾਂ ਨਹੀਂ ਹੋਣਗੀਆਂ। ਇਸ ਵਾਰ ਹਰ ਸਾਲ ਦੀ ਤੁਲਨਾ ਵਿਚ ਮਹਿਮਾਨ ਘੱਟ ਹੋਣਗੇ, ਸੁਰੱਖਿਆ ਵਿਚ ਤੈਨਾਤ ਪੁਲਿਸ ਅਤੇ ਸੁਰੱਖਿਆ ਬਲ ਪੀਪੀਈ ਕਿੱਟ ਵਿਚ ਹੋਣਗੇ ਅਤੇ ਪਹੁੰਚਣ ਵਾਲੇ ਪੱਤਰਕਾਰਾਂ ਦੀ ਕੋਰੋਨਾ ਜਾਂਚ ਹੋਈ ਹੋਵੇਗੀ।

ਤਿਆਰੀਆਂ ਵਿਚ ਜੁਟੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਜ਼ਾਦੀ ਦਿਹਾੜਾ ਸਮਾਰੋਹ ਲਈ ਆਉਣ ਵਾਲੇ 140 ਮਹਿਮਾਨਾਂ ਵਿਚ ਕੈਬਨਿਟ ਮੰਤਰੀ, ਸੀਨੀਅਰ ਨੌਕਰਸ਼ਾਹ ਅਤੇ ਸੁਪਰੀਮ ਕੋਰਟ ਦੇ ਜਸਟਿਸ ਸ਼ਾਮਲ ਹੋਣਗੇ। ਇਸ ਵਾਰ ਕਿਸੇ ਵੀ ਵੀਆਈਪੀ ਦੇ ਪਤੀ ਜਾਂ ਪਤਨੀ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।