ਕੋਰੋਨਾ ਸਬੰਧੀ ਗਲਤ ਜਾਣਕਾਰੀ ਨੇ ਲਈ ਸੈਂਕੜੇ ਲੋਕਾਂ ਦੀ ਲਈ ਜਾਨ- ਅਧਿਐਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਲੀਆਂ ਸੀ ਅਫ਼ਵਾਹਾਂ

Covid 19

ਨਵੀਂ ਦਿੱਲੀ: ਦੁਨੀਆਂ ਭਰ ਵਿਚ ਜਦੋਂ ਕੋਰੋਨਾ ਵਾਇਰਸ ਨੇ ਅਪਣਾ ਕਹਿਰ ਦਿਖਾਉਣਾ ਸ਼ੁਰੂ ਕੀਤਾ ਤਾਂ ਹਰ ਕੋਈ ਪਰੇਸ਼ਾਨ ਸੀ। ਇਸ ਨਵੀਂ ਬਿਮਾਰੀ ਨੂੰ ਲੈ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਮਿਲ ਰਹੀਆਂ ਸਨ, ਇਹਨਾਂ ਵਿਚ ਕੁਝ ਸੱਚ ਸੀ ਤੇ ਕੁਝ ਝੂਠ। ਕਈ ਲੋਕਾਂ ਨੇ ਕੋਰੋਨਾ ਦੇ ਇਲਾਜ ਲਈ ਜਾਨਲੇਵਾ ਦਾਅਵੇ ਕੀਤੇ, ਜਿਨ੍ਹਾਂ ‘ਤੇ ਸੈਂਕੜੇ ਲੋਕਾਂ ਨੇ ਯਕੀਨ ਕੀਤਾ ਅਤੇ ਅਪਣੀ ਜਾਨ ਤੋਂ ਹੱਥ ਧੋ ਬੈਠੇ। ਇਕ ਅਧਿਐਨ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਕੋਰੋਨਾ ਨੂੰ ਲੈ ਕੇ ਅਫ਼ਵਾਹਾਂ ਅਤੇ ਗਲਤ ਜਾਣਕਾਰੀ ਦੇ ਚਲਦਿਆਂ ਦੁਨੀਆਂ ਭਰ ਵਿਚ ਕਰੀਬ 800 ਲੋਕਾਂ ਦੀ ਮੌਤ ਹੋਈ ਹੈ।

ਸੋਸ਼ਲ ਮੀਡੀਆ ‘ਤੇ ਮਿਲਦੀ ਰਹੀ ਗਲਤ ਜਾਣਕਾਰੀ

ਅਮਰੀਕਨ ਜਰਨਲ ਆਫ ਟ੍ਰਾਪੀਕਲ ਮੈਡੀਸਿਨ ਐਂਡ ਹਾਈਜੀਨ ਵਿਚ ਛਪੇ ਇਸ ਅਧਿਐਨ ਵਿਚ ਦੱਸਿਆ ਗਿਆ ਹੈ ਕਿ ਸਾਲ 2020 ਦੇ ਸ਼ੁਰੂਆਤੀ ਤਿੰਨ ਮਹੀਨਿਆਂ ਵਿਚ ਗਲਤ ਜਾਣਕਾਰੀ ਕਾਰਨ ਸਭ ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ। ਅਧਿਐਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ‘ਤੇ ਯਕੀਨ ਕਰ ਕੇ ਕਰੀਬ 5800 ਲੋਕ ਹਸਪਤਾਲ ਤੱਕ ਪਹੁੰਚ ਗਏ।

ਜਦੋਂ ਕੋਰੋਨਾ ਵਾਇਰਸ ਆਇਆ ਤਾਂ ਇਸ ਨੇ ਲੋਕਾਂ ਦੇ ਦਿਲਾਂ ਵਿਚ ਖੌਫ ਪੈਦਾ ਕਰ ਦਿੱਤਾ ਕਿਉਂਕਿ ਅਜਿਹਾ ਵਾਇਰਸ ਪਹਿਲਾਂ ਲੋਕਾਂ ਨੇ ਕਦੀ ਨਹੀਂ ਦੇਖਿਆ ਸੀ ਅਤੇ ਇਸ ਬਾਰੇ ਜਾਣਕਾਰੀ ਵੀ ਨਹੀਂ ਸੀ, ਲੋਕ ਹਰ ਤਰ੍ਹਾਂ ਦੀ ਜਾਣਕਾਰੀ ਵਿਚ ਦਿਲਚਸਪੀ ਦਿਖਾਉਂਦੇ ਸੀ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਗਿਆ ਸੀ ਕਿ ਮੇਥੇਨਾਲ ਅਤੇ ਸ਼ਰਾਬ ਨਾਲ ਬਣੇ ਕਲੀਨਿੰਗ ਪ੍ਰੋਡਕਟ ਨਾਲ ਕੋਰੋਨਾ ਠੀਕ ਹੋ ਸਕਦਾ ਹੈ, ਜਿਸ ਤੋਂ ਬਾਅਦ ਕਈ ਲੋਕਾਂ ਨੇ ਇਸ ਨੂੰ ਪੀ ਲਿਆ ਤੇ ਉਹਨਾਂ ਦੀ ਮੌਤ ਹੋ ਗਈ।

ਲਸਣ ਤੋਂ ਲੈ ਕੇ ਗਊ ਮੂਤਰ ਦਾ ਜ਼ਿਕਰ

ਇਸ ਤੋਂ ਪਹਿਲਾਂ ਡਬਲਿਯੂਐਚਓ ਵੀ ਕਹਿ ਚੁੱਕਾ ਹੈ ਕਿ ਵਾਇਰਸ ਜਿੰਨੀ ਤੇਜ਼ੀ ਨਾਲ ਵਧਿਆ ਹੈ, ਓਨੀ ਹੀ ਤੇਜ਼ੀ ਨਾਲ ਇਸ ਨੂੰ ਲੈ ਕੇ ਫੈਲਣ ਵਾਲੀਆਂ ਅਫ਼ਵਾਹਾਂ ਵੀ ਵਧੀਆਂ ਹਨ, ਜਿਸ ਨਾਲ ਲੋਕਾਂ ਨੇ ਜਾਂ ਤਾ ਖੁਦ ਨੂੰ ਨੁਕਸਾਨ ਪਹੁੰਚਾਇਆ ਹੈ ਜਾਂ ਫਿਰ ਉਹਨਾਂ ਦੀ ਮੌਤ ਹੋ ਗਈ। ਇਸ ਲਈ ਹਰ ਦੇਸ਼ ਨੇ ਕੋਰੋਨਾ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ। ਇਸ ਦੇ ਨਾਲ ਹੀ ਵਿਗਿਆਪਨ ਜ਼ਰੀਏ ਵੀ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਅਧਿਐਨ ਵਿਚ ਕਈ ਤਰ੍ਹਾਂ ਦੇ ਨੁਸਖਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਲਸਣ ਖਾਣ ਨਾਲ ਕੋਰੋਨਾ ਠੀਕ ਹੋਣ ਦਾ ਦਾਅਵਾ, ਗਊ ਮੂਤਰ ਪੀਣ ਨਾਲ ਕੋਰੋਨਾ ਠੀਕ ਹੋਣ ਦਾ ਦਾਅਵਾ ਆਦਿ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨਾਲ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਅਧਿਐਨ ਵਿਚ ਕਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਕਈ ਝੂਠੇ ਦਾਅਵੇ ਕੀਤਾ ਜਾ ਰਹੇ ਹਨ, ਜਿਨ੍ਹਾਂ ‘ਤੇ ਸੈਂਕੜੇ ਲੋਕ ਯਕੀਨ ਵੀ ਕਰ ਰਹੇ ਹਨ।