ਕੋਰੋਨਾ ਸੰਕਟ! ਐਕਟਿਵ ਮਾਮਲਿਆਂ ਵਿਚ ਬ੍ਰਾਜ਼ੀਲ ਨੂੰ ਪਿੱਛੇ ਛੱਡ ਦੂਜੇ ਨੰਬਰ 'ਤੇ ਪਹੁੰਚਿਆ ਭਾਰਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।

Coronavirus

ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਹੁਣ ਐਕਟਿਵ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। 24 ਲੱਖ ਮਾਮਲਿਆਂ ਦੇ ਨਾਲ ਭਾਰਤ ਹਾਲੇ ਵੀ ਕੋਰੋਨਾ ਲਾਗ ਦੇ ਮਾਮਲਿਆਂ ਵਿਚ ਤੀਜੇ ਨੰਬਰ ‘ਤੇ ਹੈ। ਅਮਰੀਕਾ (51.97 ਲੱਖ ਮਾਮਲੇ) ਅਤੇ ਬ੍ਰਾਜ਼ੀਲ (31.64 ਲੱਖ ਮਾਮਲੇ) ਭਾਰਤ ਤੋਂ ਅੱਗੇ ਹਨ।

ਇਸ ਦੌਰਾਨ ਚਿੰਤਾ ਦੀ ਗੱਲ ਇਹ ਹੈ ਕਿ ਭਾਰਤ ਐਕਟਿਵ ਮਾਮਲਿਆਂ ਵਿਚ ਬ੍ਰਜ਼ੀਲ ਨੂੰ ਪਿੱਛੇ ਛੱਡ ਕੇ ਦੂਜੇ ਨੰਬਰ ‘ਤੇ ਆ ਗਿਆ ਹੈ। ਸਭ ਤੋਂ ਜ਼ਿਆਦਾ ਐਕਟਿਵ ਕੇਸ ਇਸ ਸਮੇਂ ਅਮਰੀਕਾ ਵਿਚ ( 32.76 ਲੱਖ) ਹਨ। ਉੱਥੇ ਹੀ ਭਾਰਤ ਵਿਚ 6.53 ਲੱਖ ਦੇ ਕਰੀਬ ਲੋਕ ਕੋਰੋਨਾ ਲਾਗ ਤੋਂ ਪੀੜਤ ਹਨ। ਤੀਜੇ ਨੰਬਰ ‘ਤੇ ਬ੍ਰਾਜ਼ੀਲ ਵਿਚ ਕੋਰੋਨਾ ਦੇ ਕੁੱਲ ਕੇਸ ਜ਼ਿਆਦਾ ਹੋਣ ਦੇ ਬਾਜਵੂਦ ਐਕਟਿਵ ਮਾਮਲੇ ਸਿਰਫ਼ 5.54 ਲੱਖ ਹੀ ਰਹਿ ਗਏ ਹਨ।

ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਹੁਣ ਤੱਕ ਦੇ ਸਭ ਤੋਂ ਵੱਧ 60 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਭਾਰਤ ਵਿਚ ਹੁਣ ਕੋਰੋਨਾ ਲਾਗ ਦੇ ਮਰੀਜਾਂ ਦੀ ਗਿਣਤੀ 25 ਲੱਖ ਤੋਂ ਪਾਰ ਚਲੀ ਗਈ ਹੈ। ਇੰਨਾ ਹੀ ਨਹੀਂ ਦੇਸ਼ ਵਿਚ ਮੌਤਾਂ ਦਾ ਅੰਕੜਾ ਵੀ 50 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ। ਇਸ ਦੇ ਚਲਦਿਆਂ ਭਾਰਤ ਹਾਲੇ ਵੀ ਦੁਨੀਆਂ ਵਿਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਚੌਥੇ ਨੰਬਰ ‘ਤੇ ਹੈ। ਸਿਰਫ਼ ਅਮਰੀਕਾ, ਬ੍ਰਾਜ਼ੀਲ ਅਤੇ ਮੈਕਸੀਕੋ ਹੀ ਭਾਰਤ ਤੋਂ ਅੱਗੇ ਹਨ।

ਹਾਲਾਂਕਿ ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਭਾਰਤ ਵਿਚ ਕੋਰੋਨਾ ਜਾਂਚ ਦੇ ਅੰਕੜੇ ਪਹਿਲੀ ਵਾਰ 8 ਲੱਖ ਤੋਂ ਪਾਰ ਚਲੇ ਗਏ ਹਨ। ਬੁੱਧਵਾਰ ਤੋਂ ਵੀਰਵਾਰ ਵਿਚਕਾਰ ਦੇਸ਼ ਵਿਚ ਕੁੱਲ 8 ਲੱਖ 30 ਹਜ਼ਾਰ ਟੈਸਟ ਹੋਏ। ਇੰਡੀਅਨ ਕਾਂਊਸਿਲ ਆਫ ਮੈਡੀਕਲ ਰਿਸਰਚ ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 2 ਲੱਖ 68 ਹਜ਼ਾਰ ਟੈਸਟ ਪੂਰੇ ਹੋ ਚੁੱਕੇ ਹਨ।