ਮਾਨਸੂਨ ਇਜਲਾਸ ਦੇ ਪਹਿਲੇ ਦਿਨ 17 ਲੋਕ ਸਭਾ ਸੰਸਦ ਮਿਲੇ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ ਤੋਂ ਸੰਸਦ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਇਸ ਤੋਂ ਪਹਿਲਾਂ ਲੋਕ ਸਭਾ ਦੇ 17 ਸੰਸਦ ਮੈਂਬਰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ।

17 Lok Sabha MPs Test Positive As Parliament Session Begins

ਨਵੀਂ ਦਿੱਲੀ: ਅੱਜ ਤੋਂ ਸੰਸਦ ਦੇ ਮਾਨਸੂਨ ਇਜਲਾਸ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਇਸ ਤੋਂ ਪਹਿਲਾਂ ਲੋਕ ਸਭਾ ਦੇ 17 ਸੰਸਦ ਮੈਂਬਰ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਇਹਨਾਂ ਸੰਸਦ ਮੈਂਬਰਾਂ ਦਾ 13 ਅਤੇ 14 ਨੂੰ ਸੰਸਦ ਭਵਨ ਵਿਚ ਕੋਰੋਨਾ ਵਾਇਰਸ ਟੈਸਟ ਕਰਵਾਇਆ ਗਿਆ ਸੀ। ਕੋਰੋਨਾ ਸੰਕਰਮਿਤ ਇਹਨਾਂ ਸੰਸਦ ਮੈਂਬਰਾਂ ਵਿਚੋਂ ਸਭ ਤੋਂ ਜ਼ਿਆਦਾ ਮੈਂਬਰ ਭਾਜਪਾ ਦੇ ਹਨ।

ਭਾਜਪਾ ਦੇ 12 ਸੰਸਦ ਮੈਂਬਰ, ਵਾਈਆਰਐਸ ਕਾਂਗਰਸ ਦੇ 2, ਸ਼ਿਵਸੈਨਾ, ਡੀਐਮਕੇ ਅਤੇ ਆਰਐਲਪੀ ਦੇ ਇਕ-ਇਕ ਸੰਸਦ ਮੈਂਬਰ ਕੋਰੋਨਾ ਪਾਜ਼ੇਟਿਵ ਹਨ। ਦੱਸ ਦਈਏ ਕਿ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਨਿਯਮ ਬਣਾਇਆ ਗਿਆ ਸੀ ਕਿ ਸਾਰੇ ਸੰਸਦ ਮੈਂਬਰ ਅਤੇ ਕਰਮਚਾਰੀਆਂ ਦੇ ਕੋਵਿਡ ਟੈਸਟ ਕਰਵਾਏ ਜਾਣਗੇ।

ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਸੰਸਦ ਭਵਨ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਨਿਯਮ ਇਹ ਵੀ ਹੈ ਕਿ ਉਹਨਾਂ ਦੀ ਰਿਪੋਰਟ 72 ਘੰਟੇ ਤੋਂ ਜ਼ਿਆਦਾ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ। ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੋਵੇਂ ਸਦਨਾਂ ਦੇ ਕਈ ਸੰਸਦ ਮੈਂਬਰਾਂ ਨੇ ਇਸ ‘ਤੇ ਚਿੰਤਾ ਜ਼ਾਹਿਰ ਕੀਤੀ ਸੀ।

ਉਹਨਾਂ ਦਾ ਕਹਿਣਾ ਸੀ ਕਿ ਇਜਲਾਸ ਸ਼ੁਰੂ ਹੋਣ ‘ਤੇ ਗਾਈਡਲਾਈਨਜ਼ ਦੇ ਚਲਦਿਆਂ ਵੀ ਹਰ ਸਮੇਂ ਭਵਨ ਵਿਚ ਘੱਟੋ ਘੱਟ 2000 ਲੋਕ ਮੌਜੂਦ ਰਹਿਣਗੇ। ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਦਰਮਿਆਨ ਅੱਜ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ।

ਸੋਮਵਾਰ ਤੋਂ ਸ਼ੁਰੂ ਹੋਇਆ ਇਹ ਸੈਸ਼ਨ 18 ਦਿਨ ਦਾ ਹੋਵੇਗਾ। ਜਿਸ 'ਚ ਕਈ ਅਹਿਮ ਬਿੱਲ 'ਤੇ ਚਰਚਾ ਕੀਤੀ ਜਾਵੇਗੀ। ਸੰਸਦ ਦਾ ਮਾਨਸੂਨ ਸੈਸ਼ਨ ਅਜਿਹੇ ਸਮੇਂ 'ਚ ਆਯੋਜਿਤ ਹੋ ਰਿਹਾ ਹੈ, ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸ ਦਿਨੋਂ-ਦਿਨ ਵੱਧ ਰਹੇ ਹਨ। ਮਹਾਂਮਾਰੀ ਕਾਰਨ ਇਸ ਵਾਰ ਸੈਸ਼ਨ 'ਚ ਕਈ ਬਦਲਾਅ ਕੀਤੇ ਗਏ ਹਨ।