ਥੋੜੀ ਦੇਰ ਬਾਅਦ ਜੈਸਲਮੇਰ ਪਹੁੰਚਣੇ ਪੀਐਮ ਮੋਦੀ, ਫੌਜੀਆਂ ਨਾਲ ਮਨਾਉਣਗੇ ਦੀਵਾਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਫ ਡਿਫੈਂਸ ਸਟਾਫ ਬਿਪਿਨ ਰਾਵਤ, ਫੌਜ ਮੁਖੀ ਮਨੋਜ ਮੁਕੰਦ ਨਰਵਣੇ ਵੀ ਰਹਿਣਗੇ ਮੌਜੂਦ

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਫੌਜੀਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣਗੇ। ਪੀਐਮ ਮੋਦੀ ਇਸ ਵਾਰ ਦੀਵਾਲੀ ਮਨਾਉਣ ਰਾਜਸਥਾਨ ਦੇ ਜੈਸਲਮੇਰ ਜਾਣਗੇ। ਇਸ ਦੌਰਾਨ ਉਹਨਾਂ ਨਾਲ ਚੀਫ ਡਿਫੈਂਸ ਸਟਾਫ ਬਿਪਿਨ ਰਾਵਤ, ਫੌਜ ਮੁਖੀ ਮਨੋਜ ਮੁਕੰਦ ਨਰਵਣੇ ਵੀ ਮੌਜੂਦ ਹੋਣਗੇ।

ਵੱਖ-ਵੱਖ ਸੁਰੱਖਿਆ ਬਲਾਂ ਨਾਲ ਦੀਵਾਲੀ ਮਨਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਖੇਤਰ ਵਿਚ ਫੌਜ ਕੈਂਪ ਜਾਣਗੇ ਅਤੇ ਬੀਐਸਐਫ ਅਤੇ ਫੌਜ ਦੇ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣਗੇ। 

ਦੱਸ ਦਈਏ ਕਿ ਸਾਲ 2014 ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਮੋਦੀ ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਜੰਮੂ-ਕਸ਼ਮੀਰ ਆਦਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਫੌਜੀਆਂ ਨਾਲ ਦੀਵਾਲੀ ਮਨਾਉਂਦੇ ਆ ਰਹੇ ਹਨ।

ਦੀਵਾਲੀ ਮੌਕੇ ਪੀਐਮ ਮੋਦੀ ਨੇ ਟਵੀਟ ਕੀਤਾ, 'ਇਸ ਦੀਵਾਲੀ ਅਸੀਂ ਸਾਰੇ ਉਹਨਾਂ ਸੈਨਿਕਾਂ ਦੇ ਸਨਮਾਨ 'ਚ ਇਕ ਦੀਵਾ ਜਲਾਈਏ, ਜਿਹੜੇ ਨਿਰਭੈ ਹੋ ਕੇ ਦੇਸ਼ ਦੀ ਰੱਖਿਆ ਕਰਦੇ ਹਨ। ਸੈਨਿਕਾਂ ਦੀ ਮਿਸਾਲੀ ਬਹਾਦਰੀ ਲਈ, ਸ਼ਬਦਾਂ ਨਾਲ ਧੰਨਵਾਦ ਪ੍ਰਗਟ ਕਰਨ ਦੀ ਭਾਵਨਾ ਉਨ੍ਹਾਂ ਨੂੰ ਇਨਸਾਫ ਨਹੀਂ ਦੇ ਸਕਦੀ। ਅਸੀਂ ਸਰਹੱਦਾਂ 'ਤੇ ਖੜੇ ਸੈਨਿਕਾਂ ਦੇ ਪਰਿਵਾਰਾਂ ਪ੍ਰਤੀ ਵੀ ਧੰਨਵਾਦੀ ਹਾਂ।'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਭਾਰਤੀ ਫੌਜ, ਹਵਾਈ ਫੌਜ ਅਤੇ ਸਰਹੱਦੀ ਸੁਰੱਖਿਆ ਬਲ ਦੇ ਬਹੁਤ ਸਾਰੇ ਅਧਿਕਾਰੀ ਜੈਸਲਮੇਰ ਪਹੁੰਚ ਗਏ ਹਨ।