Stray dog enters Goa airport runway: ਹਵਾਈ ਅੱਡੇ ਦੇ ਰਨਵੇਅ ’ਚ ਵੜਿਆ ਆਵਾਰਾ ਕੁੱਤਾ, ਜਹਾਜ਼ ਨੂੰ ...

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਨੂੰ ਵਾਪਸ ਪਰਤਣਾ ਪਿਆ

Stray dog enters Goa airport runway

Stray dog enters Goa airport runway: ਗੋਆ ਦੇ ਦਾਬੋਲਿਮ ਹਵਾਈ ਅੱਡੇ ਦੇ ਰਨਵੇਅ ’ਤੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਇਕ ਅਵਾਰਾ ਕੁੱਤਾ ਵੇਖੇ ਜਾਣ ਤੋਂ ਬਾਅਦ ਵਿਸਤਾਰਾ ਏਅਰਲਾਈਨਜ਼ ਦੀ ਇਕ ਉਡਾਣ ਲੈਂਡਿੰਗ ਤੋਂ ਬਗ਼ੈਰ ਹੀ ਬੈਂਗਲੁਰੂ ਪਰਤ ਗਈ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ।

ਗੋਆ ਹਵਾਈ ਅੱਡੇ ਦੇ ਨਿਰਦੇਸ਼ਕ ਐਸ.ਵੀ.ਟੀ. ਧਨੰਜੈ ਰਾਓ ਨੇ ਕਿਹਾ ਕਿ ਡਾਬੋਲਿਮ ਹਵਾਈ ਅੱਡੇ ਦੇ ਰਨਵੇਅ ’ਤੇ ਇਕ ਅਵਾਰਾ ਕੁੱਤਾ ਵੇਖੇ ਜਾਣ ਤੋਂ ਬਾਅਦ ਵਿਸਤਾਰਾ ਏਅਰਲਾਈਨ ਦੇ ਜਹਾਜ਼ ਦੇ ਪਾਇਲਟ ਨੂੰ ‘ਥੋੜੀ ਦੇਰ ਉਡੀਕ’ ਕਰਨ ਲਈ ਕਿਹਾ ਗਿਆ ਸੀ, ਪਰ ਫਿਰ ਜਹਾਜ਼ ਬੈਂਗਲੁਰੂ ਵਾਪਸ ਆ ਗਿਆ।
ਗੋਆ ਦਾ ਦਾਬੋਲਿਮ ਹਵਾਈ ਅੱਡਾ ਸਮੁੰਦਰੀ ਫ਼ੌਜ ਦੇ ਆਈ.ਐਨ.ਐਸ. ਹੰਸਾ ਬੇਸ ਦਾ ਹਿੱਸਾ ਹੈ। ਸੂਤਰਾਂ ਨੇ ਦਸਿਆ ਕਿ ਵਿਸਤਾਰਾ ਦੀ ਫਲਾਈਟ ਯੂ.ਕੇ. 881 ਨੇ ਸੋਮਵਾਰ ਨੂੰ ਦੁਪਹਿਰ 12:55 ਵਜੇ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਬਾਅਦ ਦੁਪਹਿਰ 3:05 ਵਜੇ ਵਾਪਸੀ ਕੀਤੀ। ਉਨ੍ਹਾਂ ਕਿਹਾ ਕਿ ਜਹਾਜ਼ ਨੇ ਫਿਰ ਸ਼ਾਮ 4:55 ’ਤੇ ਬੈਂਗਲੁਰੂ ਤੋਂ ਉਡਾਣ ਭਰੀ ਅਤੇ ਸ਼ਾਮ 6.15 ’ਤੇ ਗੋਆ ਪਹੁੰਚਿਆ।

ਵਿਸਤਾਰਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਗੋਆ (ਜੀ.ਓ.ਆਈ.) ਹਵਾਈ ਅੱਡੇ ’ਤੇ ਰਨਵੇ ’ਚ ਬੈਰੀਕੇਡ ਕਾਰਨ ਬੇਂਗਲੁਰੂ ਤੋਂ ਗੋਆ (ਬੀ.ਐਲ.ਆਰ.-ਜੀ.ਓ.ਆਈ.) ਦੀ ਉਡਾਨ ਯੂ.ਕੇ. 881 ਨੂੰ ਬੇਂਗਲੁਰੂ ਵਲ ਮੋੜ ਦਿਤਾ ਗਿਆ ਅਤੇ ਇਸ ਦੇ 3:05 ਵਜੇ ਬੈਂਗਲੁਰੂ ਪਹੁੰਚਣ ਦੀ ਉਮੀਦ ਹੈ।’’
ਵਿਸਤਾਰਾ ਨੇ ਇਕ ਹੋਰ ਪੋਸਟ ’ਚ ਲਿਖਿਆ, ‘‘ਉਡਾਨ ਯੂ.ਕੇ਼ 881 ਜਿਸ ਨੂੰ ਬੇਂਗਲੁਰੂ ਲਈ ਮੋੜ ਦਿਤਾ ਗਿਆ ਸੀ, ਉਹ ਬੇਂਗਲੁਰੂ ਤੋਂ ਸ਼ਾਮ 4:55 ਮਿੰਟ ’ਤੇ ਗੋਆ ਲਈ ਰਵਾਨਾ ਹੋ ਚੁਕੀ ਹੈ ਅਤੇ ਇਸ ਦੇ 6:15 ਵਜੇ ਗਆ ਪੁੱਜਣ ਦੀ ਉਮੀਦ ਹੈ।’’

ਰਾਓ ਨੇ ਕਿਹਾ ਕਿ ਕਈ ਵਾਰ ਆਵਾਰਾ ਕੁੱਤਿਆਂ ਦੇ ਰਨਵੇ ’ਚ ਵੜ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਸਟਾਫ਼ ਉਨ੍ਹਾਂ ਨੂੰ ਤੁਰਤ ਉਥੋਂ ਹਟਾ ਦਿੰਦਾ ਹੈ। ਉਨ੍ਹਾਂ ਕਿਹਾ, ‘‘ਪਿਛਲੇ ਡੇਢ ਸਾਲ ’ਚ ਮੇਰੇ ਕਾਰਜਕਾਲ ’ਚ ਇਹ ਪਹਿਲੀ ਘਟਨਾ ਹੈ।’’

(For more news apart from Stray dog enters Goa airport runway, stay tuned to Rozana Spokesman)