ਮੁਜੱਫਰਪਰੁ ਨਗਰ ਨਿਗਮ ਵੱਲੋਂ ਬਾਲਿਕਾ ਆਸਰਾ ਘਰ ਨੂੰ ਢਾਹੇ ਜਾਣ  ਦੀ ਕਾਰਵਾਈ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਗਰ ਨਿਗਮ ਵੱਲੋਂ ਇਸ ਘਰ ਦੀ ਉਸਾਰੀ ਵਿਚ ਲਾਗੂ ਕੀਤੇ ਗਏ ਨਕਸ਼ੇ ਦੀ ਉਲੰਘਣਾ ਕੀਤੇ ਜਾਣ 'ਤੇ ਇਸ ਨੂੰ ਢਾਹੇ ਜਾਣ ਦਾ ਹੁਕਮ 12 ਨਵੰਬਰ ਨੂੰ ਦਿਤਾ ਗਿਆ ਸੀ।

Municipal corporation muzaffarpur

ਬਿਹਾਰ, ( ਪੀਟੀਆਈ) : ਬਿਹਾਰ ਦੇ ਮੁਜੱਫਰਪੁਰ ਨਗਰ ਨਿਗਮ ਨੇ ਉਸ ਬਾਲਿਕਾ ਆਸਰਾ ਘਰ ਦੇ ਭਵਨ ਨੂੰ ਢਾਹੁਣ ਦੀ ਕਾਰਵਾਈ ਸ਼ੁਰ ਕਰ ਦਿਤੀ ਹੈ ਜਿਥੇ 34 ਲੜਕੀਆਂ ਦੇ ਜਿਨਸੀ ਸ਼ੋਸ਼ਣ ਸਬੰਧੀ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ। ਨਗਰ ਨਿਗਮ ਕਮਿਸ਼ਨਰ ਸੰਜੇ ਦੂਬੇ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਟੀਮ ਵਿਚ ਸ਼ਾਮਲ ਕਾਰਜਕਾਰੀ ਇੰਜੀਨੀਅਰ ਸੁਰੇਸ਼ ਕੁਮਾਰ ਸਿਨਹਾ ਦੀ ਅਗਵਾਈ ਵਿਚ 10 ਮਜ਼ੂਦਰ ਲੋੜੀਂਦੇ ਔਜ਼ਾਰਾਂ ਦੇ ਨਾਲ ਮੁਜੱਫਰਪੁਰ

ਸ਼ਹਿਰ ਦੇ ਸਾਹੂ ਰੋਡ 'ਤੇ ਸਥਿਤ ਬਾਲਿਕਾ ਘਰ ਪੁੱਜੇ ਅਤੇ ਇਸ ਘਰ ਦੀ ਉਪਰਲੀ  ਮੰਜ਼ਲ ਨੂੰ ਢਾਹੁਣਾ ਸ਼ੁਰੂ ਕਰ ਦਿਤਾ। ਨਗਰ ਨਿਗਮ ਵੱਲੋਂ ਇਸ ਘਰ ਦੀ ਉਸਾਰੀ ਵਿਚ ਲਾਗੂ ਕੀਤੇ ਗਏ ਨਕਸ਼ੇ ਦੀ ਉਲੰਘਣਾ ਕੀਤੇ ਜਾਣ 'ਤੇ ਇਸ ਨੂੰ ਢਾਹੇ ਜਾਣ ਦਾ ਹੁਕਮ 12 ਨਵੰਬਰ ਨੂੰ ਦਿਤਾ ਗਿਆ ਸੀ। ਉਹਨਾਂ ਦੱਸਿਆ ਕਿ ਇਸ ਘਰ ਨੂੰ ਢਾਹੁਣ ਦੇ ਲਈ ਨਗਰ ਨਿਗਮ ਵੱਲੋਂ ਇਸ ਮਾਮਲੇ ਦੇ ਮੁਖ ਦੋਸ਼ੀ ਬ੍ਰਿਜੇਸ਼ ਠਾਕੁਰ ਦੀ ਮਾਂ ਨੂੰ ਇਕ ਮਹੀਨੇ ਦਾ ਸਮਾਂ ਦਿਤਾ ਗਿਆ ਸੀ ਅਤੇ ਇਸ ਦੇ ਖਤਮ ਹੁੰਦੇ ਹੀ ਇਸ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ।

ਨਗਰ ਨਿਗਮ ਮੁਜੱਫਰਪੁਰ ਬਾਲਿਕਾ ਆਸਰਾ ਘਰ ਨੂੰ ਢਾਹੁਣ ਲਈ ਉਥੇ ਮੌਜੂਦ ਸਮਾਨ ਨੂੰ ਜ਼ਬਤ ਕਰ ਕੇ ਉਸ ਨੂੰ ਖਾਲੀ ਕਰਵਾਉਣ ਤੋਂ ਬਾਅਦ ਮੈਜਿਸਟਰੇਟ ਦੀ ਮੌਜੂਦਗੀ ਵਿਚ ਜ਼ਬਤੀ ਸੂਚੀ ਤਿਆਰ ਕਰਵਾਈ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ। ਪਟਿਆਲਾ ਜੇਲ ਵਿਚ ਬੰਦ ਬ੍ਰਿਜੇਸ਼ ਦੀ ਸੰਸਥਾ ਸੇਵਾ ਸਕੰਲਪ ਅਤੇ ਵਿਕਾਸ ਕਮੇਟੀ ਵੱਲੋਂ ਇਸ ਬਾਲਿਕਾ ਘਰ ਨੂੰ ਚਲਾਇਆ ਜਾ ਰਿਹਾ ਸੀ।

ਦੱਸ ਦਈਏ ਕਿ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸ਼ੁਰੂ ਕੀਤੀ ਗਈ ਜਾਂਚ ਟੀਮ ਨੇ ਬਾਲਿਕਾ ਆਸਰਾ ਘਗ ਦੇ ਭਵਨ 'ਤੇ ਇਤਰਾਜ ਪ੍ਰਗਟ ਕੀਤਾ ਸੀ। ਇਸ ਤੋਂ ਪਹਿਲਾਂ ਪੁਲਿਸ ਦੀ ਜਾਂਚ ਟੀਮ ਵੱਲੋਂ ਵੀ ਭਵਨ ਦੇ ਢਾਂਚੇ 'ਤੇ ਸਵਾਲ ਚੁੱਕੇ ਗਏ ਸਨ। ਭਵਨ ਦੀ ਉਸਾਰੀ ਨੂੰ ਲੈ ਕੇ ਪੈਦਾ ਹੋਏ ਸਵਾਲਾਂ 'ਤੇ ਨਗਰ ਨਿਗਮ ਕਮਿਸ਼ਨਰ ਨੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਪਾਇਆ ਕਿ ਭਵਨ ਦੀ ਉਸਾਰੀ ਵਿਚ ਲੋੜੀਂਦੇ ਮਿਆਰਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।