ਜੇ ਕਿਸਾਨਾਂ ’ਤੇ ਤਸ਼ੱਦਦ ਕੀਤਾ ਤਾਂ ਪਸ਼ੂਆਂ ਨੂੰ ਥਾਣੇ ’ਚ ਬੰਨ੍ਹ ਦਿਆਂਗੇ: ਰਾਕੇਸ਼ ਟਿਕੈਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਸਰਕਾਰ ਨਾਲ ਗੱਲ ਖੇਤੀਬਾੜੀ ਕਾਨੂੰਨ ਵਾਪਸ ਲੈਣ ਉੱਤੇ ਹੀ ਹੋਵੇਗੀ 

Rakesh Tikait

ਨਵੀਂ ਦਿੱਲੀ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਸ਼ਾਮ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਅੱਜ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਪ੍ਰਦਰਸ਼ਨ ਅਤੇ ਯੂਪੀ ਗੇਟ ਵਿਖੇ ਭੁੱਖ ਹੜਤਾਲ ਸਫ਼ਲਤਾਪੂਰਵਕ ਸਮਾਪਤ ਹੋਇਆ।

ਉਨ੍ਹਾਂ ਚੇਤਾਵਨੀ ਦਿਤੀ ਕਿ ਜੇਕਰ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੀਆਂ ਟਰਾਲੀਆਂ ਨੂੰ ਰੋਕਦਾ ਹੈ ਤਾਂ ਪੂਰਾ ਐਕਸਪ੍ਰੈਸ ਵੇਅ ਜਾਮ ਕਰ ਦਿਤਾ ਜਾਵੇਗਾ। ਜੇ ਕਿਸਾਨਾਂ ‘ਤੇ ਤਸ਼ੱਦਦ ਕੀਤਾ ਜਾਂਦਾ ਹੈ, ਤਾਂ ਉਹ ਪਸ਼ੂਆਂ ਨੂੰ ਥਾਣਿਆਂ ‘ਚ  ਬੰਨ੍ਹ ਦਿਆਂਗੇ। ਉਨ੍ਹਾਂ ਕਿਹਾ ਕਿ ਅਜੇ ਤਕ ਸਰਕਾਰ ਵਲੋਂ ਗੱਲਬਾਤ ਲਈ ਕੋਈ ਪ੍ਰਸਤਾਵ ਨਹੀਂ ਆਇਆ ਹੈ, ਜਦੋਂ ਵੀ ਗੱਲ ਹੋਵੇਗੀ ਤਾਂ ਖੇਤੀਬਾੜੀ ਕਾਨੂੰਨ ਵਾਪਸ ਲੈਣ ਉੱਤੇ ਹੀ ਹੋਵੇਗੀ। 

ਕਾਬਲੇਗੌਰ ਹੈ ਕਿ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਭਾਜਪਾ ਸ਼ਾਸਤ ਸੂਬਿਆਂ ਦੀ ਪੁਲਿਸ ਵਲੋਂ ਰੋਕਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਪਾਰ ਕਰਦਿਆਂ ਵੱਡੀ ਗਿਣਤੀ ਕਿਸਾਨ ਦਿੱਲੀ ਪਹੁੰਚਣ ਵਿਚ ਸਫਲ ਹੋ ਗਏ ਹਨ। ਇਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਜ਼ਰੀਆ ਮਸਲੇ ਦਾ ਹੱਲ ਕੱਢਣ ਦੀ ਗੱਲ ਕਹਿ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਦੇ ਸੰਘਰਸ਼ ਵਿਚ ਸਮਾਜ ਵਿਰੋਧੀ ਅਨਸਰਾਂ ਦੇ ਦਾਖਲੇ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਰਕਾਰ ਦੇ ਅੜੀਅਲ ਵਤੀਰੇ ਨੂੰ ਵੇਖਦਿਆਂ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਵਿਊਂਤਬੰਦੀ ਵਿਚ ਰੁਝੀਆਂ ਹੋਈਆਂ ਹਨ।