ਸ਼ਾਤਿਰ ਠੱਗਾਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾਰਮਨ ਦੇ ਤਿਆਰ ਕੀਤੇ ਜਾਅਲੀ ਹਸਤਾਖਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੀਮਾ ਪਾਲਿਸੀਆਂ ਦੀ ਰਕਮ ਦੇਣ ਦਾ ਲਾਲਚ ਦੇ ਕੇ ਮਾਰਦੇ ਸੀ ਠੱਗੀ 

Image

 

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੁਝ ਆਈ.ਆਰ.ਡੀ.ਏ. ਅਤੇ ਆਰ.ਬੀ.ਆਈ. ਅਧਿਕਾਰੀਆਂ ਦੇ ਕਥਿਤ ਤੌਰ 'ਤੇ ਜਾਅਲੀ ਹਸਤਾਖਰ ਤਿਆਰ ਕਰਕੇ, ਲੋਕਾਂ ਨੂੰ ਟੁੱਟੀਆਂ ਜਾਂ ਵਿਰਾਸਤੀ ਬੀਮਾ ਪਾਲਿਸੀਆਂ ਦਾ ਲਾਭ ਪ੍ਰਦਾਨ ਦਾ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਉਣ ਬਦਲੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਗਿਰੋਹ ਨੇ ਸਰਕਾਰੀ ਅਦਾਰਿਆਂ ਦੀ ਨਕਲ ਕਰਦੇ ਹੋਏ ਈਮੇਲ ਆਈ.ਡੀ. ਬਣਾਏ ਹੋਏ ਸੀ। ਸ਼ੁਰੂਆਤੀ ਤੌਰ 'ਤੇ ਈਮੇਲ ਰਾਹੀਂ ਗੱਲਬਾਤ ਦਾ ਦੌਰ ਤੋਰਨ ਤੋਂ ਬਾਅਦ, ਮੁਲਜ਼ਮ ਨੇ ਲੋਕਾਂ ਨੂੰ ਬੁਲਾ ਕੇ, ਬੀਮਾ ਲਾਭ ਪ੍ਰਾਪਤ ਕਰਨ ਲਈ 'ਪ੍ਰੋਸੈਸਿੰਗ ਫੀਸ ਅਤੇ ਫ਼ੰਡ ਰਿਲੀਜ਼ ਚਾਰਜ' ਜਮ੍ਹਾਂ ਕਰਵਾਉਣ ਲਈ ਕਿਹਾ।

ਡੀ.ਸੀ.ਪੀ. ਪ੍ਰਸ਼ਾਂਤ ਗੌਤਮ ਨੇ ਕਿਹਾ, "ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਮਹਿਤਾਬ ਆਲਮ, ਸਰਤਾਜ ਖ਼ਾਨ, ਮੁਹੰਮਦ ਜੁਨੈਦ ਅਤੇ ਦੀਨ ਮੁਹੰਮਦ ਵਜੋਂ ਹੋਈ ਹੈ, ਜੋ ਪਹਿਲਾਂ ਵੱਖ-ਵੱਖ ਕੰਪਨੀਆਂ ਵਿੱਚ ਟੈਲੀਕਾਲਰ ਵਜੋਂ ਕੰਮ ਕਰਦੇ ਸਨ ਪਰ ਬਾਅਦ 'ਚ ਇਕੱਠੇ ਹੋ ਕੇ ਇੱਕ ਗਿਰੋਹ ਬਣਾ ਲਿਆ।"

ਪੀੜਤ ਨੂੰ ਇੱਕ ਆਈ.ਡੀ. ਤੋਂ ਇੱਕ ਮੇਲ ਪ੍ਰਾਪਤ ਹੋਈ, ਜਿਸ ਵਿੱਚ ਉਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਵਿੱਤ ਮੰਤਰਾਲੇ ਦੁਆਰਾ ਜਾਰੀ ਨਵੇਂ ਹੁਕਮ ਅਨੁਸਾਰ ਉਸ ਦੀਆਂ ਬੀਮਾ ਪਾਲਿਸੀਆਂ ਲਈ ਉਸ ਨੂੰ 12.46 ਲੱਖ ਰੁਪਏ ਮਿਲਣੇ ਮਨਜ਼ੂਰ ਕੀਤੇ ਗਏ ਹਨ।

ਪੀੜਤ ਨੂੰ ਪੈਸੇ ਜਾਰੀ ਕਰਨ ਲਈ ਪਹਿਲਾਂ 44,000 ਰੁਪਏ ਦੇਣ ਲਈ ਕਿਹਾ ਗਿਆ, ਅਤੇ ਫ਼ਿਰ ਦੋਸ਼ੀ ਨੇ 27,000 ਰੁਪਏ ਮੰਗੇ, ਜਿਸ ਤੋਂ ਬਾਅਦ ਉਸ ਨੂੰ ਵਾਅਦਾ ਕੀਤੀ ਰਕਮ ਦਾ ਜਾਅਲੀ ਚੈੱਕ ਡਾਕ ਰਾਹੀਂ ਭੇਜਿਆ ਗਿਆ। ਜਦੋਂ ਪੀੜਤ ਨੂੰ ਚੈੱਕ ਮਿਲਿਆ ਤਾਂ ਉਸ ਨੂੰ 52,000 ਰੁਪਏ ਹੋਰ ਦੇਣ ਲਈ ਮਜਬੂਰ ਕੀਤਾ ਗਿਆ। ਕੁੱਲ ਮਿਲਾ ਕੇ ਉਸ ਨੂੰ 1.27 ਲੱਖ ਦੇਣ ਲਈ ਮਜਬੂਰ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਸ਼ੱਕੀਆਂ 'ਤੇ ਤਕਨੀਕੀ ਨਿਗਰਾਨੀ ਰੱਖੀ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦੇ ਲੈਪਟਾਪਾਂ ਤੋਂ 3,000 ਤੋਂ ਵੱਧ ਸੰਭਾਵਿਤ ਪੀੜਤਾਂ ਦਾ ਡਾਟਾ ਬਰਾਮਦ ਕੀਤਾ ਗਿਆ ਹੈ।