''ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਪੁਲਵਾਮਾ ਹਮਲੇ ਦੀ ਨਵੇਂ ਸਿਰਿਉਂ ਜਾਂਚ ਹੋਵੇ''

ਏਜੰਸੀ

ਖ਼ਬਰਾਂ, ਰਾਸ਼ਟਰੀ

ਡੀਐਸਪੀ ਨੂੰ ਕੁਲਗਾਮ ਜ਼ਿਲ੍ਹੇ ਦੇ ਮੀਰ ਬਾਜ਼ਾਰ ਵਿਚ ਸਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵਕਤ ਉਹ ਇਕ ਕਾਰ ਵਿਚ ਦੋ ਅਤਿਵਾਦੀਆਂ ਨੂੰ ਲਿਜਾ ਰਿਹਾ ਸੀ।

File Photo

ਨਵੀਂ ਦਿੱਲੀ :  ਲੋਕ ਸਭਾ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਸ਼ਮੀਰ ਘਾਟੀ ਵਿਚ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਬਾਬਤ ਕਿਹਾ ਕਿ ਪੁਲਵਾਮਾ ਹਮਲੇ ਦੀ ਨਵੇਂ ਸਿਰਿਉਂ ਜਾਂਚ ਦੀ ਲੋੜ ਹੈ।

ਚੌਧਰੀ ਨੇ ਟਵਿਟਰ 'ਤੇ ਕਿਹਾ, 'ਜੇ ਇਤਫ਼ਾਕਵੱਸ ਦਵਿੰਦਰ ਸਿੰਘ ਦਾ ਨਾਮ ਦਵਿੰਦਰ ਖ਼ਾਨ ਹੁੰਦਾ ਤਾਂ ਸੰਘ ਦੀ ਟਰੋਲ ਰੈਜੀਮੈਂਟ ਦਾ ਪ੍ਰਤੀਕਰਮ ਜ਼ਿਆਦਾ ਤਿੱਖਾ ਹੁੰਦਾ। ਸੋਚ ਅਤੇ ਫ਼ਿਰਕੇ ਤੋਂ ਉਪਰ ਉਠ ਕੇ ਦੁਸ਼ਮਣਾਂ ਦੀ ਨਿਖੇਧੀ ਹੋਣੀ ਚਾਹੀਦੀ ਹੈ।' ਉਨ੍ਹਾਂ ਦਾਅਵਾ ਕੀਤਾ, 'ਘਾਟੀ ਵਿਚ ਜਿਸ ਕਮਜ਼ੋਰੀ ਦਾ ਪ੍ਰਗਟਾਵਾ ਹੋਇਆ ਹੈ, ਉਹ ਪ੍ਰੇਸ਼ਾਨ ਕਰਨ ਵਾਲੀ ਹੈ।' ਉਨ੍ਹਾਂ ਕਿਹਾ, 'ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੁਲਵਾਮਾ ਹਮਲੇ ਪਿਛਲੇ ਅਸਲੀ ਗੁਨਾਹਗਾਰ ਕੌਣ ਹਨ? ਇਸ ਮਾਮਲੇ ਦੀ ਨਵੇਂ ਸਿਰਿਉਂ ਜਾਂਚ ਦੀ ਲੋੜ ਹੈ'।

ਦਵਿੰਦਰ ਸਿੰਘ ਨੂੰ ਬਹਾਦਰੀ ਪੁਰਸਕਾਰ ਮਿਲਣ ਦੀ ਖ਼ਬਰ ਗ਼ਲਤ : ਜੰਮੂ ਕਸ਼ਮੀਰ ਪੁਲਿਸ

 ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਹੈ ਕਿ ਅਜਿਹੀਆਂ ਖ਼ਬਰਾਂ ਸਹੀ ਨਹੀਂ ਕਿ ਹਿਜ਼ਬੁਲ ਮੁਜਾਹਿਦੀਨ ਦੇ ਦੋ ਅਤਿਵਾਦੀਆਂ ਨਾਲ ਗ੍ਰਿਫ਼ਤਾਰ ਕੀਤੇ ਗਏ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਬਹਾਦਰੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਉਸ ਦੇ ਨਾਮ 'ਤੇ ਇਕ ਹੋਰ ਅਧਿਕਾਰੀ ਨੂੰ ਪੁਰਸਕਾਰ ਮਿਲਿਆ ਸੀ।

ਦੱਸ ਦਈਏ ਕਿ ਡੀਐਸਪੀ ਨੂੰ ਕੁਲਗਾਮ ਜ਼ਿਲ੍ਹੇ ਦੇ ਮੀਰ ਬਾਜ਼ਾਰ ਵਿਚ ਸਨਿਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵਕਤ ਉਹ ਇਕ ਕਾਰ ਵਿਚ ਦੋ ਅਤਿਵਾਦੀਆਂ ਨਵੀਦ ਬਾਬਾ ਅਤੇ ਅਲਤਾਫ਼ ਨੂੰ ਲਿਜਾ ਰਿਹਾ ਸੀ। ਕੁੱਝ ਮੀਡੀਆ ਖ਼ਬਰਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਦਵਿੰਦਰ ਸਿੰਘ ਨੂੰ ਵਿਸ਼ੇਸ਼ ਸੇਵਾ ਲਈ ਪਿਛਲੇ ਸਾਲ ਆਜ਼ਾਦੀ ਦਿਵਸ ਮੌਕੇ ਪੁਲਿਸ ਮੈਡਲ ਨਾਲ ਨਵਾਜਿਆ ਗਿਆ ਸੀ। ਪੁਲਿਸ ਨੇ ਕਿਹਾ ਕਿ ਦਵਿੰਦਰ ਸਿੰਘ ਨੂੰ ਗ੍ਰਹਿ ਮੰਤਰਾਲੇ ਵਲੋਂ ਕੋਈ ਬਹਾਦਰੀ ਪੁਰਸਕਾਰ ਨਹੀਂ ਦਿਤਾ ਗਿਆ ਸੀ।