Army Day ‘ਤੇ ਮੋਦੀ ਅਤੇ ਹੋਰ ਆਗੂਆਂ ਨੇ ਜਵਾਨਾਂ ਕੀਤਾ ਸਲਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਜ 15 ਜਨਵਰੀ ਨੂੰ ਦੇਸ਼ 72ਵਾਂ ਸੈਨਾ ਦਿਵਸ ਮਨਾ ਰਿਹਾ ਹੈ।

Photo

ਨਵੀਂ ਦਿੱਲੀ: ਅੱਜ 15 ਜਨਵਰੀ ਨੂੰ ਦੇਸ਼ 72ਵਾਂ ਸੈਨਾ ਦਿਵਸ ਮਨਾ ਰਿਹਾ ਹੈ। ਪੂਰਾ ਦੇਸ਼ ਇਸ ਮੌਕੇ ‘ਤੇ ਫੌਜ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਅੱਜ ਹੀ ਦੇ ਦਿਨ 1949 ਵਿਚ ਭਾਰਤ ਨੂੰ ਅਪਣਾ ਪਹਿਲਾ ਆਰਮੀ ਕਮਾਂਡਰ ਇਨ ਚੀਫ ਮਿਲਿਆ ਸੀ। ਇਸ ਵਾਰ ਆਰਮੀ ਡੇ ਪਰੇਡ ਵੀ ਬਹੁਤ ਖ਼ਾਸ ਹੈ ਕਿਉਂਕਿ ਸੈਨਾ ਦਿਵਸ ‘ਤੇ ਅੱਜ ਪਹਿਲੀ ਵਾਰ ਇਕ ਮਹਿਲਾ ਅਧਿਕਾਰੀ ਕੈਪਟਨ ਤਾਨੀਆ ਸ਼ੇਰਗਿੱਲ ਪੁਰਸ਼ਾਂ ਦੀਆਂ ਸਾਰੀਆਂ ਟੁਕੜੀਆਂ ਦੀ ਅਗਵਾਈ ਕਰੇਗੀ।

ਵੱਖ-ਵੱਖ ਸਿਆਸੀ ਆਗੂ ਅੱਜ ਆਰਮੀ ਡੇ ‘ਤੇ ਦੇਸ਼ ਦੀ ਫੌਜ ਨੂੰ ਵਧਾਈ ਸੰਦੇਸ਼ ਭੇਜ ਰਹੇ ਹਨ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਆਰਮੀ ਡੇ ‘ਤੇ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ, ‘ਸਾਡੀ ਸੈਨਾ ਅਪਣੀ ਵੀਰਤਾ ਲਈ ਜਾਣੀ ਜਾਂਦੀ ਹੈ। ਇਸ ਦੀ ਮਨੁੱਖੀ ਭਾਵਨਾ ਲਈ ਵੀ ਸਤਿਕਾਰ ਕੀਤਾ ਜਾਂਦਾ ਹੈ। ਜਦੋਂ ਵੀ ਲੋਕਾਂ ਦੀ ਮਦਦ ਪਈ ਹੈ, ਸਾਡੀ ਸੈਨਾ ਮੌਕੇ ‘ਤੇ ਪਹੁੰਚੀ ਹੈ ਅਤੇ ਹਰ ਸੰਭਵ ਮਦਦ ਕੀਤੀ ਹੈ! ਸਾਨੂੰ ਸੈਨਾ ‘ਤੇ ਮਾਣ ਹੈ’।

ਭਾਰਤੀ ਫੌਜ ਦੇ ਇਸ ਖਾਸ ਦਿਨ ‘ਤੇ ਦੇਸ਼ ਦੇ ਰਾਸ਼ਟਰਪਤੀ ਨੇ ਵੀ ਫੌਜੀ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਫੌਜੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ।ਇਸ ਖ਼ਾਸ ਮੌਕੇ ‘ਤੇ ਭਾਰਤੀ ਫੌਜ ਨੇ ਵੀ ਟਵੀਟ ਕੀਤਾ ਹੈ। ਉਹਨਾਂ ਟਵੀਟ ਵਿਚ ਲਿਖਿਆ ਹੈ, ‘ਹਰ ਭਾਰਤੀ ਨੂੰ ਇਸ ਗੱਲ ‘ਤੇ ਮਾਣ ਹੈ ਕਿ ‘ਭਾਰਤੀ ਫੌਜ ਸ਼ਕਤੀਸ਼ਾਲੀ, ਅਧੁਨਿਕ, ਹਮੇਸ਼ਾ ਉੱਤਮ ਅਤੇ ਉੱਚੇ ਮਨੋਬਲ ਦੇ ਨਾਲ ਤਿਆਰ ਰਹਿੰਦੀ ਹੈ’। ਦੇਸ਼ ਪ੍ਰਤੀ ਸਾਡਾ ਫਰਜ਼ ਸਾਡੀ ਪ੍ਰੇਰਣਾ ਦਾ ਇਕ ਲਾਜ਼ਮੀ ਸਰੋਤ ਹੈ’।

ਇਸ ਮੌਕੇ ਨਵੇਂ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵੀ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਇਸ ਮੌਕੇ ‘ਤੇ ਦੇਸ਼ ਵਾਸੀਆਂ ਅਤੇ ਫੌਜੀਆਂ ਨੂੰ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਰੇਲ ਮੰਤਰੀ ਪਿਊਸ਼ ਗੋਇਲ ਅਤੇ ਕਾਂਗਰਸ ਪਾਰਟੀ ਦੇ ਬੁਲਾਰਾ ਰਣਦੀਪ ਸੁਰਜੇਵਾਲਾ ਸਮੇਤ ਕਈ ਆਗੂਆਂ ਨੇ ਇਸ ਮੌਕੇ ‘ਤੇ ਦੇਸ਼ ਦੇ ਜਵਾਨਾਂ ਦੀ ਤਾਰੀਫ ਕੀਤੀ।

ਦੱਸ ਦਈਏ ਕਿ 1949 ਵਿਚ ਫੀਲਡ ਮਾਰਸ਼ਲ ਕੇਐਮ ਕਰਿਯਪਾ ਨੇ ਜਨਰਲ ਫ੍ਰਾਂਸਿਸ ਬੁੱਚਰ ਕੋਲੋਂ ਭਾਰਤੀ ਫੌਜ ਦੀ ਕਮਾਨ ਸੰਭਾਲੀ ਸੀ। ਜਨਰਲ ਫ੍ਰਾਂਸਿਸ ਬੁੱਚਰ ਭਾਰਤ ਦੇ ਆਖਰੀ ਬ੍ਰਿਟਿਸ਼ ਕਮਾਂਡਰ ਇਨ ਚੀਫ ਬਣੇ ਸੀ। ਕਰਿਯਪਾ ਨੇ 1947 ਵਿਚ ਭਾਰਤ-ਪਾਕਿਸਤਾਨ ਵਿਚ ਹੋਈ ਜੰਗ ਵਿਚ ਭਾਰਤੀ ਫੌਜ ਦੀ ਅਗਵਾਈ ਕੀਤੀ ਸੀ।