ਦੇਸ਼ ‘ਚ ਕੱਲ ਹੋਵੇਗੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ, ਪੀਐਮ ਮੋਦੀ ਦੇਸ਼ ਨੂੰ ਸਮਰਪਿਤ ਕਰਨਗੇ ਵੈਕਸੀਨ

ਏਜੰਸੀ

ਖ਼ਬਰਾਂ, ਰਾਸ਼ਟਰੀ

16 ਜਨਵਰੀ ਨੂੰ ਪੀਐਮ ਮੋਦੀ ਲਾਂਚ ਕਰਨਗੇ CO-WIN ਐਪ

India to start Covid vaccination tomorrow

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਭਾਰਤ ਵਿਚ 16 ਜਨਵਰੀ ਨੂੰ ਦੁਨੀਆਂ ਦੀ ਸਭ ਤੋਂ ਵੱਡੇ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ 10.30 ਵਜੇ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਕਰਨਗੇ ਤੇ ਦੇਸ਼ ਨੂੰ ਵੈਕਸੀਨ ਸਮਰਪਿਤ ਕਰਨਗੇ।

ਦੱਸ ਦਈਏ ਕਿ ਕੋਰੋਨਾ ਤੋਂ ਬਚਾਅ ਲਈ 16 ਜਨਵਰੀ ਨੂੰ ਦੇਸ਼ ਭਰ ਵਿਚ 3000 ਕੇਂਦਰਾਂ ‘ਤੇ ਟੀਕਾਕਰਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਕੋਰੋਨਾ ਖਿਲਾਫ ਜੰਗ ਵਿਚ ਇਹ ਮੁਹਿੰਮ ਤਹਿਤ ਹਰੇਕ ਕੇਂਦਰ ‘ਤੇ ਹਰ ਦਿਨ ਇਕ ਸੈਸ਼ਨ ਵਿਚ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।

ਖ਼ਬਰਾਂ ਮੁਤਾਬਕ ਇਸ ਦੌਰਾਨ ਪ੍ਰਧਾਨਮੰਤਰੀ ਕੋ-ਵਿਨ ਮੋਬਾਈਲ ਐਪਲੀਕੇਸ਼ਨ ਨੂੰ ਵੀ ਲਾਂਚ ਕਰਨਗੇ। ਇਸ ਐਪ ਦੇ ਜ਼ਰੀਏ ਦੇਸ਼ਵਾਸੀ ਅਪਣੇ ਆਪ ਨੂੰ ਕੋਵਿਡ ਵੈਕਸੀਨ ਲਈ ਰਜਿਸਟਰ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੀਐਮ ਮੋਦੀ ਦੇਸ਼ ਦੇ ਵੱਖ-ਵੱਖ ਸੈਂਟਰਾਂ ਤੋਂ ਅਜਿਹੇ ਦਸ ਲੋਕਾਂ ਨਾਲ ਵੀਡੀਓ ਕਾਨਫਰੰਸ ਵਿਚ ਸ਼ਾਮਲ ਹੋਣਗੇ, ਜਿਨ੍ਹਾਂ ਨੇ ਟਰਾਇਲ ਦੌਰਾਨ ਵੈਕਸੀਨ ਲਗਵਾਈ ਹੈ।

ਇਸ ਤੋਂ ਇਲਾਵਾ ਭਾਰਤ ਬਾਇਓਟੈਕ ਅਤੇ ਸੀਰਮ ਇੰਸਟੀਚਿਊਟ ਦੇ ਵਿਗਿਆਨੀ, ਦੇਸ਼ ਦੇ ਵੱਖ ਵੱਖ ਵੈਕਸੀਨ ਪ੍ਰਦਾਤਾ ਹਸਪਤਾਲਾਂ ਦੇ ਡਾਕਟਰ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ। ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਵੈਕਸੀਨ ਲਗਵਾ ਰਹੇ ਲੋਕਾਂ ਨੂੰ ਸੰਬੋਧਨ ਵੀ ਕਰਨਗੇ।