ਮੇਨਕਾ ਗਾਂਧੀ ਨੇ ਵੋਟਰਾਂ ਨੂੰ ਫਿਰ ਦਿੱਤੀ ਧਮਕੀ- 'ਜਿਥੋਂ ਵੱਧ ਵੋਟ ਮਿਲੇਗੀ, ਉੱਥੇ ਵੱਧ ਕੰਮ ਹੋਵੇਗਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਮੈਂ ਤਾਂ ਚਾਹੁੰਦੀ ਹਾਂ ਕਿ ਸਾਰੇ ਲੋਕ ਏ ਸੂਚੀ 'ਚ ਆਪਣਾ ਨਾਂ ਦਰਜ ਕਰਵਾਉਣ

Maneka Gandhi outlines 'ABCD' formula for villages in poll meet

ਸੁਲਤਾਨਪੁਰ : ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਮੇਨਕਾ ਗਾਂਧੀ ਨੇ ਇਕ ਵਾਰ ਫਿਰ ਵੋਟਰਾਂ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਜਿੱਥੋਂ ਜਿੰਨੀ ਵੋਟ ਮਿਲੇਗੀ, ਉੱਥੇ ਓਨਾ ਕੰਮ ਹੋਵੇਗਾ। ਐਤਵਾਰ ਨੂੰ ਉਹ ਇਸੌਲੀ ਵਿਧਾਨ ਸਭਾ ਖੇਤਰ ਦੇ ਰਸੂਲਪੁਰ 'ਚ ਬੂਥ ਵਰਕਰਾਂ ਨੂੰ ਸੰਬੋਧਤ ਕਰ ਰਹੇ ਸਨ।ਮੇਨਕਾ ਨੇ ਵਰਕਰਾਂ ਅਤੇ ਲੋਕਾਂ ਨੂੰ ਵੱਡੀ ਜਿੱਤ ਦਿਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਵਰਕਰਾਂ ਦੇ ਮਾਣ-ਸਨਮਾਨ ਦੀ ਰੱਖਿਆ ਕਰਨੀ ਸਾਨੂੰ ਆਉਂਦੀ ਹੈ। ਇਸੇ ਕਾਰਨ ਪੀਲੀਭੀਤ ਨੇ 7 ਵਾਰ ਸਾਡੇ 'ਤੇ ਭਰੋਸਾ ਜਤਾਇਆ ਹੈ।

ਮੇਨਕਾ ਨੇ ਕਿਹਾ, "ਮੈਂ ਇਕ ਵੱਖਰਾ ਮਾਪਦੰਡ ਬਣਾਇਆ ਹੈ। ਜਿਸ ਪਿੰਡ 'ਚ ਜਿੰਨੀ ਵੋਟ ਮਿਲਦੀ ਹੈ, ਉਸੇ ਮੁਤਾਬਕ ਉਸ ਨੂੰ ਵਿਕਾਸ ਲਈ ਏ, ਬੀ, ਸੀ ਅਤੇ ਡੀ ਕੈਟਾਗਰੀ 'ਚ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਉਦਾਹਰਣ ਦੇ ਕੇ ਦੱਸਿਆ ਕਿ ਜਿਸ ਪਿੰਡ ਤੋਂ 80 ਫ਼ੀਸਦੀ ਵੋਟ ਮਿਲਦੀ ਹੈ ਉਸ ਨੂੰ ਏ ਕੈਟਾਗਰੀ 'ਚ, ਜਿੱਥੋਂ 60 ਫ਼ੀਸਦੀ ਵੋਟ ਮਿਲਦੀ ਹੈ ਉਸ ਨੂੰ ਬੀ, ਜਿੱਥੋਂ 50 ਫ਼ੀਸਦੀ ਵੋਟ ਮਿਲਦੀ ਹੈ ਉਸ ਨੂੰ ਸੀ ਅਤੇ ਜਿੱਥੋਂ 50 ਫ਼ੀਸਦੀ ਤੋਂ ਘੱਟ ਵੋਟ ਮਿਲਦੀ ਹੈ ਜਾਂ ਮੈਂ ਹਾਰਦੀ ਹਾਂ ਉਸ ਨੂੰ ਡੀ ਕੈਟੇਗਰੀ 'ਚ ਰੱਖਦੀ ਹਾਂ। ਜਦੋਂ ਮੈਂ ਵਿਕਾਸ ਕਾਰਜ ਸ਼ੁਰੂ ਕਰਦੀ ਹਾਂ ਤਾਂ ਉਹ ਵੀ ਇਸੇ ਲੜੀ ਮੁਤਾਬਕ ਹੁੰਦਾ ਹੈ। ਏ ਕੈਟਾਗਰੀ ਵਾਲੇ ਖੇਤਰ ਜਾਂ ਪਿੰਡ ਦਾ ਵਿਕਾਸ ਸੱਭ ਤੋਂ ਪਹਿਲਾਂ ਹੁੰਦਾ ਹੈ। ਉੱਥੇ ਕੰਮ ਖ਼ਤਮ ਹੋਣ ਤੋਂ ਬਾਅਦ ਬੀ ਵਾਲੇ ਦਾ ਨੰਬਰ ਆਉਂਦਾ ਹੈ ਅਤੇ ਫਿਰ ਸੀ ਕੈਟਾਗਰੀ ਦਾ... ਉਸ ਤੋਂ ਬਾਅਦ ਅੰਤ 'ਚ ਡੀ ਦਾ। ਤੁਸੀ ਸਮਝ ਗਏ ਜਾਂ ਨਹੀਂ। ਇਹ ਤੁਹਾਡੇ 'ਤੇ ਹੈ ਕਿ ਤੁਸੀ ਏ, ਬੀ ਜਾਂ ਸੀ ਕਰੋ, ਪਰ ਮੈਂ ਚਾਹੁੰਦੀ ਹਾਂ ਕਿ ਡੀ ਕੋਈ ਨਾ ਕਰੇ। ਮੈਂ ਤਾਂ ਚਾਹੁੰਦੀ ਹਾਂ ਕਿ ਸਾਰੇ ਲੋਕ ਏ ਸੂਚੀ 'ਚ ਆਪਣਾ ਨਾਂ ਦਰਜ ਕਰਵਾਉਣ।"

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਤੁਰਬਖਾਨੀ 'ਚ ਮੇਨਕਾ ਗਾਂਧੀ ਨੇ ਇਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਜੇ ਤੁਸੀ ਮੈਨੂੰ ਵੋਟ ਨਹੀਂ ਦਿਓਗੇ ਤਾਂ ਜਦੋਂ ਤੁਸੀ ਆਪਣੇ ਕੰਮ ਲਈ ਸਾਡੇ ਕੋਲ ਆਓਗੇ ਫਿਰ ਸਾਨੂੰ ਸੋਚਣਾ ਪਵੇਗਾ।