ਪਹਿਲੇ ਗੇੜ ਦੀਆਂ ਚੋਣਾਂ 'ਚ ਹੋਈ ਵੱਡੀ ਗੜਬੜੀ : ਯੇਚੁਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿਚ ਚੋਣਾਂ 'ਤੇ ਸਵਾਲ ਚੁੱਕੇ

Sitaram Yechury

ਨਵੀਂ ਦਿੱਲੀ :  ਸੀਪੀਆਈ (ਐਮ) ਦੇ ਜਨਰਲ ਸਕੱਤਰ ਯੇਚੁਰੀ ਨੇ 11 ਅਪ੍ਰੈਲ ਨੂੰ ਹੋਈਆਂ ਪਹਿਲੇ ਗੜ ਦੀਆਂ ਚੋਣਾਂ ਵਿਚ ਵੱਡੇ ਪੱਧਰ 'ਤੇ ਗੜਬੜੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿਚ ਚੋਣਾਂ ਦੋਰਾਨ ਸਭ ਤੋਂ ਜ਼ਿਆਦਾ ਸਵਾਲ ਉਠੇ ਹਨ। 

ਯੇਚੁਰੀ ਇਸ ਮਾਮਲੇ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਕੋਲ ਚੁੱਕਣਗੇ। ਯੇਚੁਰੀ ਨੇ ਸੋਮਵਾਰ ਨੂੰ ਟਵੀਟ ਕਰ ਕੇ ਕਿਹਾ, ''ਪਹਿਲੇ ਗੇੜ ਦੀਆਂ ਚੋਣਾਂ ਵਿਚ ਵੱਡੇ ਪੱਧਰ 'ਤੇ ਗੜਬੜੀ ਹੋਈ ਹੈ, ਖ਼ਾਸ ਕਰ ਕੇ ਪੱਛਮੀ ਬੰਗਾਲ ਅਤੇ ਤ੍ਰਿਪੁਰਾ ਵਿਚ ਚੋਣਾਂ 'ਤੇ ਸਵਾਲ ਚੁੱਕੇ ਗਏ ਹਨ। ਇਸ ਸਬੰਧੀ ਅਸੀਂ ਅੱਜ ਚੋਣ ਕਮਿਸ਼ਨ ਕੋਲ ਅਪਣਾ ਪੱਖ ਰੱਖਾਂਗੇ।''

ਯੇਚੁਰੀ ਨੇ ਅਰਥਵਿਵਸਥਾ ਦੀ ਮੰਦੀ ਹਾਲਤ ਦਾ ਹਵਾਲਾ ਦਿੰਦਿਆਂ ਮੋਦੀ ਸਰਕਾਰ 'ਤੇ ਜਨਤਾ ਨੂੰ ਚੋਣਾਂ ਵਿਚ ਇਕ ਵਾਰ ਫਿਰ ਮੂਰਖ ਬਣਾਉਣ ਦਾ ਦੋਸ਼ ਲਗਾਇਆ ਹੈ। ਇਕ ਹੋਰ ਟਵੀਟ ਵਿਚ ਉਨ੍ਹਾਂ ਕਿਹਾ, ''ਪਿਛਲੇ ਪੰਜ ਸਾਲ ਦੇਸ਼ ਦੀ ਅਰਥਵਿਵਸਥਾ ਲਈ ਵਿਨਾਸ਼ਕਾਰੀ ਸਾਬਤ ਹੋਏ ਹਨ। ਇਸ ਲਈ ਭਾਜਪਾ ਦੀ ਮੋਦੀ ਸਰਕਾਰ ਲੋਕਾਂ ਨੂੰ ਇਕ ਵਾਰ ਫਿਰ ਮੂਰਖ ਬਣਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ।'' 

ਉਨ੍ਹਾਂ ਕਿਹਾ, ''ਅਰਥਵਿਵਸਥਾ ਦੀ ਬਣਾਵਟੀ ਮੰਦੀ ਕਾਰਨ ਰੁਜ਼ਗਾਰ ਅਤੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ। ਮੋਦੀ ਸਰਕਾਰ ਨੂੰ ਸਿਰਫ਼ ਝੂਠ ਫ਼ੈਲਾਉਣ 'ਤੇ ਧਿਆਨ ਕੇਂਦਰਿਤ ਕਰਨ ਦੀ ਕੀਮਤ ਦੇਣੀ ਪਵੇਗੀ।'' (ਪੀਟੀਆਈ)