ਮੁੰਬਈ ਵਿਚ 5 ਤਾਰਾ ਹੋਟਲਾਂ ’ਚ ਹੋਵੇਗਾ ਹਲਕੇ ਲੱਛਣਾਂ ਵਾਲੇ ਕੋਰੋਨਾ ਮਰੀਜਾਂ ਦਾ ਇਲਾਜ
ਮੁੰਬਈ ਵਿਚ ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜਾਂ ਦਾ ਇਲਾਜ 5 ਸਟਾਰ ਹੋਟਲਾਂ ਵਿਚ ਕਰਨ ਦਾ ਫੈਸਲਾ ਲਿਆ ਗਿਆ ਹੈ।
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਕੋਰੋਨਾ ਦੇ ਹਲਕੇ ਲੱਛਣਾਂ ਵਾਲੇ ਮਰੀਜਾਂ ਦਾ ਇਲਾਜ 5 ਸਟਾਰ ਹੋਟਲਾਂ ਵਿਚ ਕਰਨ ਦਾ ਫੈਸਲਾ ਲਿਆ ਗਿਆ ਹੈ। ਮੁੰਬਈ ਵਿਚ ਕੋਰੋਨਾ ’ਤੇ ਕਾਬੂ ਪਾਉਣ ਲਈ ਘੱਟ ਲੱਛਣ ਵਾਲੇ ਮਰੀਜਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲ 4 ਅਤੇ 5 ਸਟਾਰ ਹੋਟਲਾਂ ਨਾਲ ਮਰੀਜਾਂ ਦੀ ਭਰਤੀ ਲਈ ਸਮਝੌਤਾ ਕਰਨਗੇ।
ਬੀਐਮਸੀ ਨੇ ਦੱਸਿਆ ਕਿ ਫਿਲਹਾਲ ਦੋ 5 ਸਟਾਰ ਹੋਟਲਾਂ ਨੂੰ ਹੀ ਨਿੱਜੀ ਹਸਪਤਾਲਾਂ ਵੱਲੋਂ ਵਰਤੇ ਜਾਣ ਲਈ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਜਿਹੜੇ ਮਰੀਜਾਂ ਨੂੰ ਹਸਪਤਾਲਾਂ ਦੀ ਲੋੜ ਹੈ, ਉਹਨਾਂ ਨੂੰ ਹਸਪਤਾਲ ਵਿਚ ਬੈੱਡ ਮਿਲ ਸਕੇ। ਇਹ ਆਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ ਮੁੰਬਈ ਅਤੇ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿਚ ਤੇਜ਼ੀ ਨਾਲ ਕੋਰੋਨਾ ਮਾਮਲੇ ਵਧ ਰਹੇ ਹਨ।
ਜਨ ਸਿਹਤ ਵਿਭਾਗ ਦੇ ਇਕ ਨੋਟਿਸ ਵਿਚ ਦੱਸਿਆ ਗਿਆ ਹੈ, ‘ਇਹ ਦੇਖਿਆ ਗਿਆ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਕਈ ਬੈੱਡ ਉਹਨਾਂ ਮਰੀਜਾਂ ਨੂੰ ਦਿੱਤੇ ਗਏ, ਜਿਨ੍ਹਾਂ ਨੂੰ ਐਮਰਜੈਂਸੀ ਇਲਾਜ ਦੀ ਲੋੜ ਨਹੀਂ ਹੈ’। ਦੱਸ ਦਈਏ ਕਿ ਦੇਸ਼ ਵਿਚ ਮਹਾਰਾਸ਼ਟਰ ’ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਬੀਤੇ ਦਿਨ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ 58,952 ਨਵੇਂ ਮਾਮਲੇ ਸਾਹਮਣੇ ਆਏ ਜਦਕਿ 278 ਲੋਕਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਦੇਸ਼ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਖ਼ਤਰਨਾਕ ਸਾਬਤ ਹੋ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰਤ ਵਿਚ ਕੋਰੋਨਾ ਦੇ 2,00,739 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ 1,038 ਲੋਕਾਂ ਦੀ ਮੌਤ ਹੋ ਗਈ ਹੈ।