'ਖ਼ਾਲਸਾ ਏਡ' ਦੇ 20 ਸਾਲ ਪੂਰੇ ਹੋਣ 'ਤੇ ਵਿਸ਼ੇਸ਼
'ਖ਼ਾਲਸਾ ਏਡ' ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ।
ਵਿਸ਼ਵ ਪ੍ਰਸਿੱਧ ਸਮਾਜ ਭਲਾਈ ਸਿੱਖ ਸੰਸਥਾ 'ਖ਼ਾਲਸਾ ਏਡ' ਅੱਜ ਕਿਸੇ ਜਾਣ ਪਛਾਣ ਦੀ ਮੁਥਾਜ਼ ਨਹੀਂ ਹੈ। ਵਿਸ਼ਵ ਭਰ ਦੇ ਲੋਕ ਇਸ ਸਿੱਖ ਸੰਸਥਾ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਤੋਂ ਭਲੀ ਭਾਂਤ ਜਾਣੂ ਹਨ। 'ਖ਼ਾਲਸਾ ਏਡ' ਦੀ ਸਥਾਪਨਾ ਸਾਲ 1999 ਵਿਚ ਇੰਗਲੈਂਡ ਵਿਚ ਰਵਿੰਦਰ ਸਿੰਘ ਰਵੀ ਵਲੋਂ ਕੀਤੀ ਗਈ ਸੀ ਪਰ ਮੌਜੂਦਾ ਸਮੇਂ ਇਸ ਸੰਸਥਾ ਦੇ ਸਾਰੇ ਵਿਸ਼ਵ ਵਿਚ ਸੈਂਕੜੇ ਸੇਵਾਦਾਰ ਮੌਜੂਦ ਹਨ।
ਹੋਂਦ ਵਿਚ ਆਉਣ ਮਗਰੋਂ ਹੀ 'ਖ਼ਾਲਸਾ ਏਡ' ਨੇ ਸਾਲ 2000 ਵਿਚ ਉੜੀਸਾ ਦੇ ਤੂਫ਼ਾਨ ਅਤੇ ਫਿਰ 2001 ਵਿਚ ਤੁਰਕੀ ਅਤੇ ਗਜਰਾਤ ਦੇ ਭੂਚਾਲ ਪੀੜਤਾਂ ਦੀ ਬਿਨਾਂ ਕਿਸੇ ਭੇਦਭਾਵ ਡਟ ਕੇ ਮਦਦ ਕੀਤੀ ਸੀ। ਇਸ ਤੋਂ ਬਾਅਦ ਲਗਾਤਾਰ ਲੋਕ ਭਲਾਈ ਦੇ ਕਾਰਜਾਂ ਕਰਕੇ 'ਖ਼ਾਲਸਾ ਏਡ' ਦੇ ਕੰਮਾਂ ਦੀ ਵਿਸ਼ਵ ਭਰ ਵਿਚ ਸ਼ਲਾਘਾ ਹੋਣ ਲੱਗੀ, ਜਿਸ ਨਾਲ ਦੁਨੀਆਂ ਭਰ ਵਿਚ ਸਿੱਖਾਂ ਦਾ ਮਾਣ ਵਧਿਆ।
ਸਾਲ 2009 ਵਿਚ ਵੀ ‘ਖਾਲਸਾ ਏਡ’ ਨੇ ਪਾਕਿਸਤਾਨ ਵਿਚ ਪੰਜਾ ਸਾਹਿਬ ਵਿਖੇ ਸਿੱਖ ਅਤੇ ਹਿੰਦੂ ਰਿਫਿਊਜੀਆਂ ਦੀ ਮਦਦ ਕੀਤੀ ਸੀ। 'ਖ਼ਾਲਸਾ ਏਡ' ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿਚ ਡੇਰੇ ਲਾਏ ਹੋਏ ਹਨ। 'ਖ਼ਾਲਸਾ ਏਡ' ਵੱਲੋਂ ਕੋਚੀ ਸ਼ਹਿਰ ਦੇ ਇਕ ਸਕੂਲ ਵਿਚ ਲੰਗਰ ਚਲਾਇਆ ਜਾ ਰਿਹਾ ਹੈ। ਜਿੱਥੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ 'ਖ਼ਾਲਸਾ ਏਡ' ਨੇ ਵਿਚ ਮੁਸਲਮਾਨਾਂ ਦੀ ਮਦਦ ਕਰ ਕੇ ਸੈਂਕੜੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿਤੀ ਸੀ। ਖ਼ਾਲਸਾ ਏਡ ਦੇ ਮੈਂਬਰਾਂ ਨੇ ਬੰਬਾਂ, ਗੋਲੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸੀਰੀਆ ਵਿਚ ਉਨ੍ਹਾਂ ਲੋਕਾਂ ਦੀ ਬਾਂਹ ਫੜੀ ਜੋ ਆਪਣੇ ਦੇਸ਼ ਨੂੰ ਛੱਡ ਕੇ ਤੁਰਕੀ ਅਤੇ ਯੂਰਪੀਅਨ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਇਸ ਸੰਸਥਾ ਦੇ ਮੈਂਬਰਾਂ ਨੇ ਆਪਣੀ ਜਾਨ 'ਤੇ ਖੇਡਦਿਆਂ ਤੁਰਕੀ ਵਿਚ ਕੈਂਪ ਲਾ ਕੇ ਸੀਰੀਅਨ ਰਫਿਊਜੀਆਂ ਨੂੰ ਖਾਣਾ, ਕੱਪੜੇ, ਦਵਾਈਆਂ ਤੇ ਰਹਿਣ ਲਈ ਟੈਂਟ ਮੁਹੱਈਆ ਕਰਵਾਏ।
ਇਸ ਤੋਂ ਪਹਿਲਾਂ ਬਰਮਾ ਵਿਚੋਂ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਵੀ ਇੰਗਲੈਂਡ ਦੀ ਇਸ ਦਾਨਵੀਰ ਸੰਸਥਾ 'ਖ਼ਾਲਸਾ ਏਡ' ਨੇ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਤੈਕਨਾਫ ਪਿੰਡ ਦੇ ਰਫਿਊਜੀ ਕੈਂਪ ਵਿਚ ਲੰਗਰ ਤੇ ਮੈਡੀਕਲ ਕੈਂਪ ਲਗਾਏ ਅਤੇ ਰੋਹਿੰਗਿਆ ਮੁਸਲਮਾਨਾਂ ਲਈ ਵੱਡੀ ਰਾਹਤ ਦਾ ਸਬਬ ਬਣੀ। ਇਹ ਅਜਿਹਾ ਮੌਕਾ ਸੀ ਜਦੋਂ ਬਰਮਾ ਦੀ ਫ਼ੌਜ ਨੇ ਅਤਿਵਾਦੀ ਹੋਣ ਦਾ ਇਲਜ਼ਾਮ ਲਗਾ ਕੇ ਸੈਂਕੜੇ ਰੋਹਿੰਗਿਆ ਦਾ ਕਤਲ ਕਰ ਦਿਤਾ।
ਸਿਤਮ ਦੀ ਗੱਲ ਇਹ ਸੀ ਕਿ ਕੋਈ ਵੀ ਦੇਸ਼ ਉਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦੇ ਰਿਹਾ ਸੀ ਤੇ ਨਾ ਹੀ ਦੁਨੀਆਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਅਜਿਹੇ ਮਾੜੇ ਸਮੇਂ ਉਨ੍ਹਾਂ ਦੀ ਮਦਦ ਲਈ ਸਾਹਮਣੇ ਆ ਰਹੀ ਸੀ। ਅਜਿਹੇ ਸਮੇਂ ਇਕ 'ਖ਼ਾਲਸਾ ਏਡ' ਹੀ ਇਕ ਅਜਿਹੀ ਸੰਸਥਾ ਸੀ ਜੋ ਰੋਹਿੰਗਿਆ ਦੀ ਮਦਦ ਲਈ ਮਸੀਹਾ ਬਣ ਬਹੁੜੀ।
ਇਸ ਤੋਂ ਇਲਾਵਾ ਖ਼ਾਲਸਾ ਏਡ ਨੇ ਮੱਧ ਪ੍ਰਦੇਸ਼ ਵਿਚ ਰਹਿਣ ਵਾਲੇ 25 ਸਭ ਤੋਂ ਵੱਧ ਗ਼ਰੀਬ ਸਿਕਲੀਗਰ ਪਰਿਵਾਰਾਂ ਲਈ ਮਕਾਨ, ਪੀਣ ਵਾਲੇ ਸਾਫ਼ ਪਾਣੀ ਲਈ ਡੂੰਘੇ ਬੋਰ ਵਾਲੇ ਟਿਊਬਵੈੱਲ ਦਾ ਪ੍ਰਬੰਧ ਕੀਤਾ ਗਿਆ ਹੈ। ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਮਦਦ ਵੀ ਦਿਤੀ ਜਾ ਰਹੀ ਹੈ। ਇਹ ਤਾਂ ਸੰਸਥਾ ਵਲੋਂ ਕੀਤੇ ਗਏ ਮਹਿਜ਼ ਕੁੱਝ ਕਾਰਜਾਂ ਦਾ ਜ਼ਿਕਰ ਕੀਤਾ ਗਿਆ। ਇਸ ਤੋਂ ਇਲਾਵਾ ਖ਼ਾਲਸਾ ਏਡ ਵਲੋਂ ਹਜ਼ਾਰਾਂ ਲੋਕ ਭਲਾਈ ਕਾਰਜ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ।
ਇਹ ਸੰਸਥਾ ਬਿਨਾ ਕਿਸੇ ਭੇਦਭਾਵ ਦੀਨ-ਦੁਖੀਆਂ ਦੀ ਭਲਾਈ ਲਈ ਹਰ ਸਾਲ ਲੱਖਾਂ ਡਾਲਰ ਖ਼ਰਚ ਕਰ ਰਹੀ ਹੈ ਅਤੇ ਇਸ ਸੰਸਥਾ ਦੀ ਮਾਇਕ ਸਹਾਇਤਾ ਮੁੱਖ ਤੌਰ 'ਤੇ ਯੂਕੇ ਦੇ ਸ਼ਰਧਾਵਾਨ ਸਿੱਖਾਂ ਵਲੋਂ ਕੀਤੀ ਜਾਂਦੀ ਹੈ। ‘ਖਾਲਸਾ ਏਡ’ ਵੱਲੋਂ ਲੰਬੇ ਸਮੇਂ ਲਈ ਕਈ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਹਨ ਜਿਨਾਂ ਵਿਚ ਪ੍ਰਮੁੱਖ ਤੌਰ ‘ਤੇ ਲੰਗਰ ਏਡ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸਦਾ ਮੁੱਖ ਮਕਸਦ ਵਿਸ਼ਵ ਭਰ ਵਿਚ ਭੁੱਖ ਦਾ ਖਾਤਮਾ ਕਰਨਾ ਹੈ। ਇਹ ਸੰਸਥਾ ਹੁਣ ਤੱਕ ਦੁਨੀਆ ਭਰ ਵਿਚ ਯੂਕੇ ਸਮੇਤ ਕਈ ਸਥਾਨਾਂ ‘ਤੇ ਲੰਗਰ ਲਗਾ ਚੁੱਕੀ ਹੈ।
‘ਖਾਲਸਾ ਏਡ’ ਵੱਲੋਂ ਚਲਾਇਆ ਜਾ ਰਿਹਾ ਪ੍ਰੋਜੈਕਟ ਫੌਕਸ ਪੰਜਾਬ ਵੀ ਬਹੁਤ ਮਹੱਤਵਪੂਰਨ ਹੈ, ਇਸ ਪ੍ਰੋਜੈਕਟ ਦੇ ਤਹਿਤ 1984 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ। ‘ਖਾਲਸਾ ਏਡ’ ਵੱਲੋਂ ਹੁਣ ਤੱਕ 250 ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਚੁੱਕੀ ਹੈ।
‘ਖਾਲਸਾ ਏਡ’ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਦੀ ਹੋਰ ਜਾਣਕਾਰੀ https://www.khalsaaid.org/projects ‘ਤੇ ਦੇਖੀ ਜਾ ਸਕਦੀ ਹੈ।