ਨਿਰਭਇਆ ਮਾਮਲੇ ਦੀ ਅਗਵਾਈ ਕਰਨ ਵਾਲੀ ਔਰਤ ਨੂੰ ਅਮਰੀਕਾ ਵਿਚ ਮਿਲਿਆ ਪੁਰਸਕਾਰ
ਨਿਰਭਇਆ ਸਮੂਹਿਕ ਬਲਾਤਕਾਰ ਅਤੇ ਹੱਤਿਆ ਮਾਮਲੇ ਦੀ ਜਾਂਚ ਟੀਮ ਦੀ ਅਗਵਾਈ ਕਰਨ ਵਾਲੀ ਆਈਪੀਐਸ ਅਫਸਰ ਛਾਇਆ ਸ਼ਰਮਾ ਨੂੰ ਉਸਦੇ ਸਾਹਸ ਅਤੇ ਹਿੰਮਤ ਲਈ ਅਮਰੀਕਾ ਵਿਚ ਸਨਮਾਨਿਤ ਕੀਤਾ
ਨਿਰਭਇਆ ਸਮੂਹਿਕ ਬਲਾਤਕਾਰ ਅਤੇ ਹੱਤਿਆ ਮਾਮਲੇ ਦੀ ਜਾਂਚ ਟੀਮ ਦੀ ਅਗਵਾਈ ਕਰਨ ਵਾਲੀ ਆਈਪੀਐਸ ਅਫਸਰ ਛਾਇਆ ਸ਼ਰਮਾ ਨੂੰ ਉਸਦੇ ਸਾਹਸ ਅਤੇ ਹਿੰਮਤ ਲਈ 4 ਮਈ 2019 ਨੂੰ ਅਮਰੀਕਾ ਵਿਚ ਮੈਕ ਇਨ ਇੰਸਟੀਚਿਊਟ ਅਵਾਰਡ 2019 ਨਾਲ ਸਨਮਾਨਿਤ ਕੀਤਾ ਗਿਆ। ਮੈਕ ਇਨ ਇੰਸਟੀਚਿਊਟ ਅਨੁਸਾਰ ਛਾਇਆ ਨੇ ਅਪਣੇ ਕੈਰੀਅਰ ਦੌਰਾਨ 19 ਸਾਲਾਂ ਤੋਂ ਸੰਵੇਦਨਸ਼ੀਲ ਅਪਰਾਧਿਕ ਮਾਮਲਿਆਂ ਦਾ ਪਤਾ ਲਗਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲਈ ਕੰਮ ਕੀਤਾ ਹੈ।
ਛਾਇਆ ਸ਼ਰਮਾ ਕਾਫੀ ਸਮੇਂ ਤੋਂ ਗੰਭੀਰ ਅਪਰਾਧ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਵਿਰੁੱਧ ਹੋ ਰਹੇ ਅਪਰਾਧਾਂ ਦੀ ਜਾਂਚ ਕਰਦੀ ਰਹੀ ਹੈ। ਅਪਣੇ ਕਾਰਜਕਾਲ ਦੌਰਾਨ ਉਸ ਨੇ ਕਈ ਅਪਰਾਧਿਕ ਮਾਮਲਿਆਂ ਦੀ ਜਾਂਚ ਕੀਤੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਟੀਮਾਂ ਦੀ ਅਗਵਾਈ ਕੀਤੀ। ਹਾਲਾਂਕਿ ਨਿਰਭਇਆ ਕਾਂਡ ਨੂੰ ਹੱਲ ਕਰਨਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਨੀਂਹ ਪੱਥਰ ਮੰਨਿਆ ਗਿਆ।
ਦੱਸਿਆ ਜਾਂਦਾ ਹੈ ਕਿ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਦੌਰਾਨ ਉਹਨਾਂ ਨੇ ਕਈ ਪਹਿਲੂਆਂ ਨੂੰ ਬਰੀਕੀ ਨਾਲ ਦੇਖਿਆ ਅਤੇ ਸਥਿਤੀ ਨੂੰ ਸੰਭਾਲਣ ਲਈ ਕਈ ਕੋਸ਼ਿਸ਼ਾਂ ਕੀਤੀਆਂ। ਇਸ ਦੌਰਾਨ ਉਹਨਾਂ ਨੇ ਅਪਣਾ ਜ਼ਿਆਦਾ ਧਿਆਨ ਸਬੂਤਾਂ ਨੂੰ ਇਕੱਠਾ ਕਰਨ ਅਤੇ ਦਸਤਾਵੇਜ਼ਾਂ ਨੂੰ ਸੰਭਾਲਣ ਵੱਲ ਦਿੱਤਾ। ਇਸ ਮਾਮਲੇ ਵਿਟ ਚਾਰਜਸ਼ੀਟ 18 ਦਿਨਾਂ ਵਿਚ ਦਰਜ ਕੀਤੀ ਗਈ ਜਿਸ ਦੀ ਜਾਂਚ ਸੁਪਰੀਮ ਕੋਰਟ ਤੱਕ ਦੀਆਂ ਸਾਰੀਆਂ ਜਾਂਚ ਪ੍ਰਣਾਲੀਆਂ ਵਿਚੋਂ ਗੁਜ਼ਰਦੀ ਹੋਈ ਦੋਸ਼ੀਆਂ ਦੀ ਸਜ਼ਾ ਤੱਕ ਪਹੁੰਚੀ।
2017 ਵਿਚ ਭਾਰਤ ‘ਚ ਵਿਅਕਤੀਆਂ ਦੀ ਹੋ ਰਹੀ ਤਸਕਰੀ ਨੂੰ ਰੋਕਣ ਲਈ ਬਣਾਏ ਗਏ ਨਿਯਮਾਂ ਵਿਚ ਵੀ ਛਾਇਆ ਸ਼ਰਮਾ ਨੇ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਦੱਸ ਦਈਏ ਕਿ ਇਹ ਪੁਰਸਕਾਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਮਨੁੱਖੀ ਅਧਿਕਾਰਾਂ, ਨਿਆ ਅਤੇ ਅਜ਼ਾਦੀ ਲਈ ਹਿੰਮਤ ਦਿਖਾਉਂਦੇ ਹਨ।