ਉੱਤਰ ਪ੍ਰਦੇਸ਼ ਵਿਚ ਸੜਕ ਹਾਦਸੇ ਦੌਰਾਨ 6 ਹੋਰ ਪ੍ਰਵਾਸੀ ਮਜ਼ਦੂਰਾਂ ਦੀ ਮੌਤ, 95 ਜ਼ਖਮੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਦੌਰਾਨ ਰੁਜ਼ਗਾਰ ਦੀ ਕਮੀਂ ਦੇ ਚਲਦਿਆਂ ਅਪਣੇ ਗ੍ਰਹਿ ਰਾਜਾਂ ਨੂੰ ਪਰਤ ਰਹੇ ਮਜ਼ਦੂਰਾਂ ਨਾਲ ਵਾਪਰ ਰਹੇ ਹਾਦਸਿਆਂ ਦਾ ਸਿਲਸਿਲਾ ਜਾਰੀ ਹੈ।

Photo

ਲਖਨਊ: ਲੌਕਡਾਊਨ ਦੌਰਾਨ ਰੁਜ਼ਗਾਰ ਦੀ ਕਮੀਂ ਦੇ ਚਲਦਿਆਂ ਅਪਣੇ ਗ੍ਰਹਿ ਰਾਜਾਂ ਨੂੰ ਪਰਤ ਰਹੇ ਮਜ਼ਦੂਰਾਂ ਨਾਲ ਵਾਪਰ ਰਹੇ ਹਾਦਸਿਆਂ ਦਾ ਸਿਲਸਿਲਾ ਜਾਰੀ ਹੈ। ਉੱਤਰ ਪ੍ਰਦੇਸ਼ ਵਿਚ ਸ਼ੁੱਕਰਵਾਰ ਨੂੰ ਵੱਖ-ਵੱਖ ਸੜਕ ਹਾਦਸਿਆਂ ਵਿਚ 6 ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 96 ਗੰਭੀਰ ਜ਼ਖਮੀ ਹੋ ਗਏ। 

ਮੀਡੀਆ ਰਿਪੋਰਟ ਅਨੁਸਾਰ ਬਾਰਾਬੰਕੀ ਦੇ ਸ਼ਹਿਰ ਕੋਤਵਾਲੀ ਖੇਤਰ ਵਿਚ ਲਖਨਊ-ਅਯੁੱਧਿਆ ਹਾਈਵੇਅ 'ਤੇ ਬੜੇਲ ਦੇ ਕੋਲ ਵਾਹਨ ਦੇ ਇੰਤਜ਼ਾਰ ਵਿਚ ਖੜੇ ਮਜ਼ਦੂਰਾਂ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿਚ ਸ਼ਿਸ਼ੁਪਾਲ (31) ਅਤੇ ਉਹਨਾਂ ਦੇ ਛੋਟੇ ਭਰਾ ਜਿਤੇਂਦਰ (30) ਅਤੇ ਚਾਚਾ ਮੋਹਨ (40) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਚਾਰ ਹੋ ਜ਼ਖਮੀ ਹੋ ਗਏ। 

ਮਜ਼ਦੂਰਾਂ ਦਾ ਸਮੂਹ ਗੁਜਰਾਤ ਦੇ ਸੂਰਤ ਵਿਚ ਇਕ ਫੈਕਟਰੀ ਵਿਚ ਕੰਮ ਕਰਜਾ ਸੀ ਅਤੇ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਫੈਕਟਰੀ ਬੰਦ ਹੋ ਗਈ ਤੇ ਮਜ਼ਦੂਰ ਅਪਣੇ ਘਰਾਂ ਲਈ ਰਵਾਨਾ ਹੋ ਗਏ। ਪੁਲਿਸ ਨੇ ਦੱਸਿਆ ਕਿ ਉਹ ਇਕ ਟਰੱਕ ਵਿਚ ਬਾਰਾਬੰਕੀ ਪਹੁੰਚੇ ਅਤੇ ਉਹ ਉੱਥੇ ਕਿਸੇ ਹੋਰ ਵਾਹਨ ਦੀ ਉਡੀਕ ਕਰ ਰਹੇ ਸਨ।

ਇਕ ਹੋਰ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ 40 ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇਕ ਟਰੱਕ ਮਜ਼ਦੂਰਾਂ ਨੂੰ ਲੈ ਕੇ ਜਾ ਰਿਹਾ ਸੀ ਤੇ ਇਸੇ ਦੌਰਾਨ ਉਹ ਟਰੱਕ ਇਕ ਹੋਰ ਟਰੱਕ ਨਾਲ ਟਕਰਾਇਆ 'ਤੇ ਖਾਈ ਵਿਚ ਡਿੱਗ ਗਿਆ। ਇਸ ਹਾਦਸੇ ਵਿਚ ਜ਼ਖਮੀ ਲੋਕਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਪੁਲਿਸ ਨੇ ਦੱਸਿਆ ਕਿ ਮੁੰਬਈ ਤੋਂ ਪਰਵਾਸੀ ਮਜ਼ਦੂਰਾਂ ਨੂੰ ਲਿਜਾਣ ਵਾਲਾ ਇੱਕ ਹੋਰ ਟਰੱਕ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਡਰਾਇਵਰ ਦਾ ਕੰਟਰੋਲ ਖੋ ਗਿਆ ਤੇ ਟਰੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ। ਇਸ ਹਾਦਸੇ ਵਿਚ 32 ਲੋਕ ਜ਼ਖਮੀ ਹੋ ਗਏ। ਮਹੋਬਾ ਜ਼ਿਲ੍ਹੇ ਦੇ ਪਨੇਵਾੜੀ ਕਸਬੇ ਵਿਚ ਗੁਜਰਾਤ ਤੋਂ ਛੱਤੀਸਗੜ ਜਾ ਰਹੇ ਪ੍ਰਵਾਸੀਆਂ ਨੂੰ ਲਿਜਾ ਰਿਹਾ ਇਕ ਟਰੱਕ ਪਲਟ ਗਿਆ ਅਤੇ 20 ਲੋਕ ਜ਼ਖਮੀ ਹੋ ਗਏ।

ਬੁੱਧਵਾਰ ਰਾਤ ਨੂੰ ਪੰਜਾਬ ਤੋਂ ਬਿਹਾਰ ਜਾ ਰਹੇ ਪ੍ਰਵਾਸੀ ਮਜ਼ਦੂਰ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਜਦੋਂ ਉਹਨਾਂ ਨੂੰ ਰੋਡਵੇਜ਼ ਦੀ ਬੱਸ ਨੇ ਕੁਚਲ ਦਿੱਤਾ। ਇਸ ਦੌਰਾਨ 6 ਮਜ਼ਦੂਰਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਵੀ ਕਈ ਹਾਦਸਿਆਂ ਵਿਚ ਅਪਣੇ ਗ੍ਰਹਿ ਰਾਜਾਂ ਨੂੰ ਪਰਤ ਰਹੇ ਮਜ਼ਦੂਰ ਹਾਸਦਿਆਂ ਦਾ ਸ਼ਿਕਾਰ ਹੋ ਗਏ।