ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਐਲਾਨਣ 'ਤੇ ਯੋਗੀ ਆਦਿਤਿਆਨਾਥ ਨੇ ਜਤਾਇਆ ਇਤਰਾਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਈਦ ਮੌਕੇ ਵੱਡਾ ਐਲਾਨ ਕਰਦਿਆਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲਾ ਐਲਾਨਿਆ।

Yogi Adityanath condemned creation of new district of Punjab

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਈਦ ਮੌਕੇ ਵੱਡਾ ਐਲਾਨ ਕਰਦਿਆਂ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲਾ ਐਲਾਨਿਆ। ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਤਰਾਜ਼ ਜਤਾਇਆ ਹੈ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਮਲੇਰਕੋਟਲਾ ਜ਼ਿਲ੍ਹੇ ਦਾ ਗਠਨ ਕਰਨਾ ਕਾਂਗਰਸ ਦੀ ਵੰਡ ਵਾਲੀ ਨੀਤੀ ਦਾ ਪ੍ਰਤੀਬਿੰਬ ਹੈ।

ਉਹਨਾਂ ਲਿਖਿਆ, "ਮਤ ਅਤੇ ਧਰਮ ਦੇ ਅਧਾਰ 'ਤੇ ਕਿਸੇ ਤਰ੍ਹਾਂ ਦਾ ਵਿਤਕਰਾ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ। ਇਸ ਸਮੇਂ ਮਲੇਰਕੋਟਲਾ ਜ਼ਿਲ੍ਹਾ (ਪੰਜਾਬ) ਦਾ ਗਠਨ ਕਰਨਾ ਕਾਂਗਰਸ ਦੀ ਵੰਡ ਵਾਲੀ ਨੀਤੀ ਦਾ ਪ੍ਰਤੀਬਿੰਬ ਹੈ।'' ਯੋਗੀ ਆਦਿਤਿਆਨਾਥ ਦੇ ਇਸ ਬਿਆਨ ’ਤੇ ਲੋਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਈਦ-ਉਲ-ਫਿੱਤਰ ਦੇ ਰਾਜ ਪੱਧਰੀ ਸਮਾਗਮ ਦੌਰਾਨ ਕੀਤਾ ਸੀ। ਮੁੱਖ ਮੰਤਰੀ ਨੇ ਭਾਰਤ ਦੇ ਧਰਮ ਨਿਰਪੱਖ ਕਿਰਦਾਰ ਨੂੰ ਦਰਸਾਉਦਿਆਂ ਕਿਹਾ ਸੀ ਕਿ ਇਸ ਦਾ ਪ੍ਰਮਾਣ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਪੱਛਮੀ ਬੰਗਾਲ ਤੇ ਤਾਮਿਲਨਾਡੂ ਵਿਖੇ ਫਿਰਕੂ ਤਾਕਤਾਂ ਨੂੰ ਮਿਲੀ ਹਾਰ ਤੋਂ ਮਿਲ ਗਿਆ।

ਮਲੇਰਕੋਟਲਾ ਦੇ ਅਮੀਰ ਤੇ ਗੌਰਵਮਈ ਇਤਿਹਾਸ ਨੂੰ ਚੇਤੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਜ਼ਿਲ੍ਹਾ ਬਣਾਉਣਾ ਸਥਾਨਕ ਲੋਕਾਂ ਦੀ ਚਿਰਕੋਣੀ ਮੰਗ ਸੀ। ਇਸ ਨਾਲ ਪ੍ਰਸ਼ਾਸਕੀ ਕੰਮ ਕਰਵਾਉਣ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣਗੀਆਂ ਅਤੇ ਹੁਣ ਪ੍ਰਸ਼ਾਸਕੀ ਸਮੱਸਿਆਵਾਂ ਸਹਿਜ ਨਾਲ ਹੱਲ ਹੋਣਗੀਆਂ।