ਨਰਿੰਦਰ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਦੇਸ਼ ਭਰ 'ਚ ਵਿਸ਼ੇਸ਼ ਜਨ ਸੰਪਰਕ ਮੁਹਿੰਮ ਚਲਾਏਗੀ ਭਾਜਪਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਜਪਾ ਦੀ ਇਹ ਮੁਹਿੰਮ 30 ਮਈ ਤੋਂ 30 ਜੂਨ ਤਕ ਯਾਨੀ ਪੂਰਾ ਇਕ ਮਹੀਨਾ ਚਲੇਗੀ।

BJP

 

ਨਵੀਂ ਦਿੱਲੀ: ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ 9 ਸਾਲ ਪੂਰੇ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਭਾਜਪਾ ਦੇਸ਼ ਭਰ 'ਚ ਵਿਸ਼ੇਸ਼ ਸੰਪਰਕ ਮੁਹਿੰਮ ਚਲਾਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਈ ਨੂੰ ਇਕ ਵਿਸ਼ਾਲ ਰੈਲੀ ਨਾਲ ਇਸ ਸੰਪਰਕ ਮੁਹਿੰਮ ਦੀ ਸ਼ੁਰੂਆਤ ਕਰਨਗੇ। 31 ਮਈ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਹੋਵੇਗੀ। ਜਾਣਕਾਰੀ ਮੁਤਾਬਕ ਇਹ ਰੈਲੀ ਚੁਣਾਵੀ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ 'ਚ ਕੀਤੀ ਜਾ ਸਕਦੀ ਹੈ। ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਹਰ ਲੋਕ ਸਭਾ ਹਲਕੇ 'ਚ ਵਿਸ਼ੇਸ਼ ਸੰਪਰਕ ਮੁਹਿੰਮ ਚਲਾਈ ਜਾਵੇਗੀ। ਭਾਜਪਾ ਦੀ ਇਹ ਮੁਹਿੰਮ 30 ਮਈ ਤੋਂ 30 ਜੂਨ ਤਕ ਯਾਨੀ ਪੂਰਾ ਇਕ ਮਹੀਨਾ ਚੱਲੇਗੀ।

ਇਹ ਵੀ ਪੜ੍ਹੋ: ਮਾਣਹਾਨੀ ਮਾਮਲਾ : ਸੰਗਰੂਰ ਜ਼ਿਲ੍ਹਾ ਅਦਾਲਤ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਜਾਰੀ ਕੀਤਾ ਸੰਮਨ

ਇਸ ਵਿਸ਼ੇਸ਼ ਮੌਕੇ 'ਤੇ ਜ਼ਿਲ੍ਹੇ ਦੇ ਸਾਰੇ ਮੰਡਲਾਂ, ਸ਼ਕਤੀ ਕੇਂਦਰਾਂ ਅਤੇ ਬੂਥਾਂ 'ਤੇ ਵਿਸ਼ੇਸ਼ ਪ੍ਰੋਗਰਾਮ ਆਯੋਜਤ ਕੀਤੇ ਜਾਣਗੇ, ਜਿਸ ਵਿਚ ਮੋਦੀ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਦੇਸ਼ ਭਰ ਵਿਚ ਭਾਜਪਾ ਦੇ ਸੀਨੀਅਰ ਆਗੂਆਂ ਦੀਆਂ 51 ਰੈਲੀਆਂ ਹੋਣਗੀਆਂ। 396 ਲੋਕ ਸਭਾ ਸੀਟਾਂ 'ਤੇ ਜਨ ਸਭਾਵਾਂ ਹੋਣਗੀਆਂ, ਜਿਸ ਵਿਚ ਕੇਂਦਰੀ ਮੰਤਰੀ ਜਾਂ ਪਾਰਟੀ ਦੇ ਕੌਮੀ ਅਹੁਦੇਦਾਰ ਦਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ, ਵਿਰੋਧੀ ਧਿਰ ਦੇ ਨੇਤਾ, ਸੰਸਦ ਮੈਂਬਰ ਅਤੇ ਵਿਧਾਇਕ ਵੀ ਇਨ੍ਹਾਂ ਰੈਲੀਆਂ ਅਤੇ ਜਨਤਕ ਮੀਟਿੰਗਾਂ ਵਿਚ ਸ਼ਮੂਲੀਅਤ ਕਰਨਗੇ। ਦੇਸ਼ ਭਰ ਦੇ ਇਕ ਲੱਖ ਵਿਸ਼ੇਸ਼ ਪ੍ਰਵਾਰਾਂ ਨਾਲ ਸੰਪਰਕ ਬਣਾਇਆ ਜਾਵੇਗਾ। ਹਰ ਲੋਕ ਸਭਾ ਵਿਚ 250 ਪ੍ਰਵਾਰਾਂ ਨਾਲ ਸੰਪਰਕ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਮੁਕਤਸਰ 'ਚ HIV ਦੇ ਮਾਮਲਿਆਂ 'ਚ ਇਜ਼ਾਫ਼ਾ, ਸਿਹਤ ਵਿਭਾਗ ਲਈ ਖ਼ਤਰੇ ਦੀ ਘੰਟੀ

29 ਮਈ ਨੂੰ ਦੇਸ਼ ਭਰ ਵਿਚ ਇਕੋ ਸਮੇਂ ਪ੍ਰੈਸ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ, ਉਪ ਮੁੱਖ ਮੰਤਰੀ, ਕੇਂਦਰੀ ਮੰਤਰੀ, ਵਿਰੋਧੀ ਧਿਰ ਦੇ ਨੇਤਾ ਆਦਿ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਪ੍ਰੈਸ ਕਾਨਫ਼ਰੰਸ ਕਰਨਗੇ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸਾਂਝਾ ਕਰਨਗੇ। ਇਹ ਮੁਹਿੰਮ 30 ਅਤੇ 31 ਮਈ ਨੂੰ ਹੋਵੇਗੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜੂਨ ਨੂੰ ਸਿਆਮਾ ਪ੍ਰਸਾਦ ਮੁਖਰਜੀ ਦੀ ਬਰਸੀ ਮੌਕੇ 10 ਲੱਖ ਬੂਥਾਂ 'ਤੇ ਪਾਰਟੀ ਵਰਕਰਾਂ ਨਾਲ ਗੱਲਬਾਤ ਕਰਨਗੇ, ਇਹ ਪ੍ਰੋਗਰਾਮ ਵੀਡੀਉ ਕਾਨਫ਼ਰੰਸ ਰਾਹੀਂ ਹੋਵੇਗਾ। 20 ਤੋਂ 30 ਜੂਨ ਤਕ ਘਰ-ਘਰ ਸੰਪਰਕ ਮੁਹਿੰਮ ਵੀ ਚਲਾਈ ਜਾਵੇਗੀ। ਇਸ ਦੇ ਲਈ ਲੋਕ ਸਭਾ ਲਈ ਨਿਯੁਕਤ ਦੋ ਮੈਂਬਰਾਂ ਦੀ ਟੀਮ ਦੇ ਨਾਲ-ਨਾਲ ਹੋਰ ਆਗੂਆਂ ਨੂੰ ਵੀ ਸ਼ਿਰਕਤ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: EAM ਐਸ. ਜੈਸ਼ੰਕਰ ਦੀ ਗੋਗਲਸ 'ਚ ਤਸਵੀਰ ਹੋਈ ਵਾਇਰਲ 

ਭਾਜਪਾ ਦੀ ਜ਼ੋਰਦਾਰ ਤਿਆਰੀ

ਇਸ ਵਿਸ਼ਾਲ ਮੁਹਿੰਮ ਦੀ ਤਿਆਰੀ ਲਈ ਸੂਬਾ ਇਕਾਈਆਂ ਨੂੰ ਸੂਬਾ ਵਰਕਿੰਗ ਕਮੇਟੀ ਦੀ ਇਕ ਰੋਜ਼ਾ ਮੀਟਿੰਗ ਬੁਲਾਉਣ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਦੇ ਲਈ 16, 17 ਅਤੇ 18 ਮਈ ਨੂੰ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਉਣ ਦੇ ਨਿਰਦੇਸ਼ ਹਨ। ਇਨ੍ਹਾਂ ਮੀਟਿੰਗਾਂ ਵਿਚ ਸੂਬਾ ਪ੍ਰਚਾਰ ਕਮੇਟੀ ਦੇ ਸਾਰੇ ਮੈਂਬਰ, ਸੰਸਦ ਮੈਂਬਰ, ਵਿਧਾਇਕ, ਮੇਅਰ ਆਦਿ ਸ਼ਾਮਲ ਹੋਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਤਿਆਰੀਆਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ: ਸੀਮਾ ਤੋਂ ਵੱਧ ਖਾਣ ਵਾਲਾ ਤੇਲ ਰੱਖਣ ਦੇ ਦੋਸ਼ 'ਚ ਦੁਕਾਨਦਾਰ ਨੇ 37 ਸਾਲ ਲਗਾਏ ਅਦਾਲਤ ਦੇ ਚੱਕਰ, ਪਰ ਹੁਣ ਨਹੀਂ ਜਾਣਾ ਪਵੇਗਾ ਜੇਲ

ਪ੍ਰਚਾਰ ਕਮੇਟੀ ਦਾ ਗਠਨ

ਦੇਸ਼ ਭਰ ਵਿਚ ਚਲਾਈ ਜਾਣ ਵਾਲੀ ਇਸ ਮੁਹਿੰਮ ਦੀ ਜ਼ਿੰਮੇਵਾਰੀ ਪ੍ਰਚਾਰ ਕਮੇਟੀ ਦੀ ਹੋਵੇਗੀ। ਕੇਂਦਰੀ ਮੰਤਰੀ, ਸਾਬਕਾ ਮੰਤਰੀ, ਕੌਮੀ ਮੀਤ ਪ੍ਰਧਾਨ, ਕੌਮੀ ਜਨਰਲ ਸਕੱਤਰ, ਕੌਮੀ ਅਧਿਕਾਰੀ, ਮੈਂਬਰ ਅਤੇ ਸੀਨੀਅਰ ਆਗੂਆਂ ਦੀ ਦੋ ਮੈਂਬਰੀ ਟੀਮ ਬਣਾਈ ਗਈ ਹੈ। ਇਸ ਦੇ ਨਾਲ ਹੀ ਕੇਂਦਰੀ, ਰਾਜ, ਜ਼ਿਲ੍ਹਾ ਅਤੇ ਮੰਡਲ ਪੱਧਰ 'ਤੇ ਮੈਂਬਰਾਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਦੀ ਸੂਚਨਾ 12-13 ਮਈ ਤਕ ਭੇਜਣੀ ਲਾਜ਼ਮੀ ਹੈ। ਇਨ੍ਹਾਂ ਕਮੇਟੀਆਂ ਵਿਚ ਸੋਸ਼ਲ ਮੀਡੀਆ, ਆਈਟੀ ਅਤੇ ਮੀਡੀਆ ਇੰਚਾਰਜ ਨੂੰ ਵੀ ਰੱਖਣਾ ਲਾਜ਼ਮੀ ਹੈ। ਭਾਜਪਾ ਨੇ ਸੂਬਾਈ ਇਕਾਈਆਂ ਤੋਂ ਮੀਡੀਆ ਸੰਪਾਦਕਾਂ, ਸੋਸ਼ਲ ਮੀਡੀਆ ਇੰਫਲੂਐਂਸਰਾਂ ਅਤੇ ਖਾਸ ਪ੍ਰਵਾਰਾਂ ਬਾਰੇ ਵੀ ਨਿਰਧਾਰਤ ਫਾਰਮੈਟ ਵਿਚ ਜਾਣਕਾਰੀ ਮੰਗੀ ਹੈ।