'ਆਪ' ਵਿਧਾਇਕ ਇਮਰਾਨ ਹੁਸੈਨ ਵਲੋਂ ਮਨਜਿੰਦਰ ਸਿਰਸਾ 'ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਣੇ ਤਿੰਨ ਮੰਤਰੀਆਂ ਦੇ ਨਾਲ ਐਲਜੀ ਦਫ਼ਤਰ ਵਿਚ ਪੰਜ ਦਿਨਾਂ ਤੋਂ ਧਰਨਾ ਦੇ ਰਹੇ ਹਨ, ਤਾਂ ਉਥੇ ਦੂਜੇ ...

Manjinder Sirsa

ਨਵੀਂ ਦਿੱਲੀ : ਇਕ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਣੇ ਤਿੰਨ ਮੰਤਰੀਆਂ ਦੇ ਨਾਲ ਐਲਜੀ ਦਫ਼ਤਰ ਵਿਚ ਪੰਜ ਦਿਨਾਂ ਤੋਂ ਧਰਨਾ ਦੇ ਰਹੇ ਹਨ, ਤਾਂ ਉਥੇ ਦੂਜੇ ਪਾਸੇ ਦਿੱਲੀ ਸਰਕਾਰ ਦੇ ਇਕ ਹੋਰ ਮੰਤਰੀ ਇਮਰਾਨ ਹੁਸੈਨ ਨੇ ਭਾਜਪਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ 'ਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਦੋਸ਼ ਲਗਾਉਂਦੇ ਹੋਏ ਇਮਰਾਨ ਹੁਸੈਨ ਨੇ ਸਿਰਸਾ ਵਿਰੁਧ ਇੰਦਰਪ੍ਰਸਥ ਪੁਲਿਸ ਥਾਣੇ ਵਿਚ ਲਿਖਤੀ ਸ਼ਿਕਾਇਤ ਵੀ ਭੇਜੀ ਹੈ। ਮੰਤਰੀ ਦੀ ਸ਼ਿਕਾਇਤ ਵਿਚ ਸਰਕਾਰੀ ਕੰਮ ਵਿਚ ਰੁਕਾਵਟ ਪਹੁੰਚਾਉਣ ਦਾ ਦੋਸ਼ ਵੀ ਲਗਾਇਆ ਗਿਆ ਹੈ।

ਆਪ ਮੰਤਰੀ ਇਮਰਾਨ ਹੁਸੈਨ ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜਦੋਂ ਉਹ ਪ੍ਰਦੂਸ਼ਣ ਦੇ ਮਾਮਲੇ ਨੂੰ ਲੈ ਕੇ ਦਿੱਲੀ ਸਕੱਤਰੇਤ ਵਿਚ ਕੰਮ ਕਰਨ ਲਈ ਗਏ ਤਾਂ ਅਕਾਲੀ-ਭਾਜਪਾ ਵਿਧਾਇਕ ਸਿਰਸਾ ਕਰੀਬ 10-15 ਸਾਥੀਆਂ ਨਾਲ ਉਨ੍ਹਾਂ ਨੂੰ ਗਾਲ੍ਹਾਂ ਦੇਣ ਅਤੇ ਮਾਰਨ ਲਈ ਝਪਟੇ। ਹੁਸੈਨ ਨੇ ਕਿਹਾ ਕਿ ਉਨ੍ਹਾਂ ਨੇ ਭੱਦੀਆਂ ਗਾਲ੍ਹਾਂ ਵੀ ਕੱਢੀਆਂ, ਜਿਸ ਨਾਲ ਉਹ ਬੇਹੱਦ ਡਰ ਗਏ ਸਨ। ਪੁਲਿਸ ਸ਼ਿਕਾਇਤ ਵਿਚ ਹੁਸੈਨ ਨੇ ਕਿਹਾ ਕਿ ਸਿਰਸਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਇਸ ਕਦਰ ਡਰਾ ਦਿਤਾ ਕਿ ਉਹ ਹੁਣ ਦਿੱਲੀ ਸਕੱਤਰੇਤ ਜਾਣ ਤੋਂ ਵੀ ਡਰ ਰਹੇ ਹਨ। ਹੁਸੈਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਉਥੋਂ ਭੱਜਣਾ ਪਿਆ।

ਦੋਸ਼ ਲਗਾਉਂਦੇ ਹੋਏ ਹੁਸੈਨ ਨੇ ਕਿਹਾ ਕਿ ਜਦੋਂ ਉਹ ਵਾਪਸ ਭੱਜ ਰਹੇ ਸਨ ਤਾਂ ਸਿਰਸਾ ਅਤੇ ਉਸ ਦੇ ਸਾਥੀ ਆਖ ਰਹੇ ਸਨ ਕਿ ਅੱਜ ਇਸ ਮੰਤਰੀ ਨੂੰ ਇੱਥੇ ਹੀ ਜਾਨ ਤੋਂ ਖ਼ਤਮ ਕਰ ਦਿੰਦੇ ਹਾਂ। ਉਥੇ ਹੀ ਇਨ੍ਹਾਂ ਦੋਸ਼ਾਂ 'ਤੇ ਭਾਜਪਾ-ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਬੋਲਦਿਆਂ ਕਿਹਾ ਕਿ ਆਪ ਵਿਧਾਇਕ ਹੁਸੈਨ ਵਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਸਿਰਸਾ ਨੇ ਕਿਹਾ ਕਿ ਉਹ ਸੰਜੇ ਸਿੰਘ ਅਤੇ ਇਮਰਾਨ ਹੁਸੈਨ ਦੇ ਵਿਰੁਧ ਸ਼ਿਕਾਇਤ ਦਰਜ ਕਰਵਾਉਣਗੇ ਅਤੇ ਉਨ੍ਹਾਂ ਦੇ ਵਿਰੁਧ ਮਾਣਹਾਨੀ ਦਾ ਦਾਅਵਾ ਵੀ ਕਰਨਗੇ। ਸਿਰਸਾ ਨੇ ਸਕੱਤਰੇਤ ਵਿਚ ਸੀਸੀਟੀਵੀ ਫੁਟੇਜ ਨੂੰ ਜਨਤਕ ਕਰਨ ਦੀ ਵੀ ਅਪੀਲ ਕੀਤੀ।