ਕੰਮ 'ਤੇ ਪਰਤੇ AIIMS ਦੇ ਡਾਕਟਰ, ਮਮਤਾ ਸਰਕਾਰ ਨੂੰ ਦਿੱਤਾ 48 ਘੰਟੇ ਦਾ ਅਲਟੀਮੇਟਮ
ਪੱਛਮੀ ਬੰਗਾਲ 'ਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਡਾਕਟਰਾਂ ਨਾਲ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਈ ਹੜਤਾਲ...
ਨਵੀਂ ਦਿੱਲੀ : ਪੱਛਮੀ ਬੰਗਾਲ 'ਚ ਡਾਕਟਰਾਂ ਦੀ ਹੜਤਾਲ ਅੱਜ ਵੀ ਜਾਰੀ ਹੈ। ਡਾਕਟਰਾਂ ਨਾਲ ਕੁੱਟਮਾਰ ਤੋਂ ਬਾਅਦ ਸ਼ੁਰੂ ਹੋਈ ਹੜਤਾਲ ਦਾ ਅਸਰ ਬੰਗਾਲ ਤੋਂ ਲੈ ਕੇ ਦਿੱਲੀ ਤਕ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ 19 ਤੋਂ ਜ਼ਿਆਦਾ ਸੂਬਿਆਂ ਦੇ ਡਾਕਟਰਾਂ ਨੇ ਹੜਤਾਲ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਇਸੇ ਦਰਮਿਆਨ ਦਿੱਲੀ AIIMS ਦੇ ਰੈਜ਼ੀਡੈਂਟ ਡਾਕਟਰ ਹੜਤਾਲ ਖ਼ਤਮ ਕਰ ਆਪਣੇ ਕੰਮ 'ਤੇ ਪਰਤ ਆਏ ਹਨ ਪਰ ਉਨ੍ਹਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮੰਗਾਂ ਪੂਰੀਆਂ ਕਰਨ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ।
-ਹੜਤਾਲ ਕਰ ਰਹੇ ਜੂਨੀਅਰ ਡਾਕਟਰਾਂ ਨੇ ਕਿਹਾ ਹੈ ਕਿ ਉਹ ਸ਼ਾਮ ਨੂੰ ਸੂਬਾ ਸਕੱਤਰੇਤ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਬੁਲਾਏ ਗਏ ਬੈਠਕ 'ਚ ਸ਼ਾਮਲ ਨਹੀਂ ਹੋਣਗੇ।
-ਏਮਜ਼ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਮਲ੍ਹੀ ਨੇ ਕਿਹਾ ਹੈ ਕਿ ਸਾਰੇ ਰੈਜ਼ੀਡੈਂਟ ਡਾਕਟਰ ਕੰਮ 'ਤੇ ਵਾਪਸ ਆ ਗਏ ਹਨ ਪਰ ਅਸੀਂ ਕਾਲੇ ਬੈਜ, ਪੱਟੀਆਂ ਅਤੇ ਹੈਲਮਟ ਪਹਿਨ ਕੇ ਸੰਕੇਤਕ ਵਿਰੋਧ ਜਾਰੀ ਰੱਖਾਂਗੇ। ਜੇਕਰ ਹਾਲਤ ਵਿਗੜੇ ਤਾਂ ਅਸੀਂ 17 ਜੂਨ ਤੋਂ ਅਣਮਿੱਥੀ ਹੜਤਾਲ 'ਤੇ ਚਲੇ ਜਾਵਾਂਗੇ।
-ਡਾਕਟਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਅਸੀਂ ਪੱਛਮੀ ਬੰਗਾਲ ਸਰਕਾਰ ਨੂੰ ਹੜਤਾਲ ਕਰ ਰਹੇ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ 48 ਘੰਟੇ ਦਾ ਅਲਟੀਮੇਟਮ ਦੇ ਰਹੇ ਹਾਂ। ਜੇਕਰ ਸਰਕਾਰ ਨਾਕਾਮ ਰਹਿੰਦੀ ਹੈ ਤਾਂ ਸਾਨੂੰ ਏਮਜ਼ 'ਚ ਅਣਮਿੱਥੀ ਹੜਤਾਲ ਕਰਨ ਲਈ ਮਜਬੂਰ ਹੋਣਾ ਪਵੇਗਾ।
ਪੱਛਮੀ ਬੰਗਾਲ 'ਚ ਡਾਕਟਰਾਂ 'ਤੇ ਹੋਈ ਹਿੰਸਾ ਦੇ ਵਿਰੋਧ 'ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਹੜਤਾਲੀ ਡਾਕਟਰਾਂ ਦੀ ਹਮਾਇਤ 'ਚ ਆ ਗਿਆ ਹੈ। ਦਿੱਲੀ ਮੈਡੀਕਲ ਐਸੋਸੀਏਸ਼ਨ (DMA) ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਦੇਸ਼ ਦੇ 19 ਸੂਬਿਆਂ ਦੇ ਡਾਕਟਰਾਂ ਨੇ ਇਕੱਠੇ ਮਿਲ ਕੇ 17 ਜੂਨ ਨੂੰ ਦੇਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਐਸੋਸੀਏਸ਼ਨ ਨੇ ਬਾਕਾਇਦਾ ਸਰਕਾਰ ਨੂੰ ਚਿੱਠੀ ਲਿਖ ਕੇ ਕੇਂਦਰੀ ਹਸਪਤਾਲ ਸੁਰੱਖਿਆ ਕਾਨੂੰਨ ਬਣਾ ਕੇ ਪੂਰੇ ਦੇਸ਼ ਵਿਚ ਲਾਗੂ ਕਰਨ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਜੇਕਰ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਸੋਮਵਾਰ ਨੂੰ ਦੇਸ਼ਵਿਆਪੀ ਹੜਤਾਲ ਕੀਤੀ ਜਾਵੇਗੀ।
ਡਾਕਟਰਾਂ ਦਾ ਅਸਤੀਫ਼ਾ ਜਾਰੀ
ਹਿੰਸਾ ਦੇ ਵਿਰੋਧ 'ਚ ਹੁਣ ਤਕ ਸੈਂਕੜੇ ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਇਕੱਲੇ ਬੰਗਾਲ 'ਚ ਹੀ ਕਰੀਬ 700 ਡਾਕਟਰਾਂ ਨੇ ਨੌਕਰੀ ਛੱਡ ਦਿੱਤੀ ਹੈ। ਕੁਝ ਸੂਬਿਆਂ 'ਚ ਕਾਲੀਆਂ ਪੱਟੀਆਂ ਬੰਨ੍ਹ ਕੇ ਤਾਂ ਕੁਝ ਵਿਚ ਵਿਰੋਧ ਸਰੂਪ ਹੈਲਮਟ ਪਹਿਨ ਕੇ ਡਾਕਟਰ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਡਾਕਟਰਾਂ ਦੀ ਹੜਤਾਲ ਦਾ ਸਿੱਧਾ ਅਸਰ ਮਰੀਜ਼ਾਂ 'ਤੇ ਪੈ ਰਿਹਾ ਹੈ। ਕਈ ਸੂਬਿਆਂ 'ਚ ਓਪੀਡੀ ਸਹੂਲਤਾਂ ਖਸਤਾਹਾਲ ਹੋ ਗਈਆਂ ਹਨ।