ਬਿਹਾਰ ਵਿਚ ਜਾਨਲੇਵਾ ਬੁਖ਼ਾਰ, ਮੁਜ਼ੱਫ਼ਰਪੁਰ ਵਿਚ 69 ਬੱਚਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੂਬੇ ਵਿਚ ਭਿਆਨਕ ਬੁਖ਼ਾਰ ਨਾਲ ਅੱਜ ਸ਼ਨੀਵਾਰ ਨੂੰ ਵੀ 7 ਬੱਚਿਆਂ ਦੀ ਮੌਤ ਹੋ ਗਈ ਹੈ।

Death Toll Rises to 69 in Bihar’s Muzaffarpur

ਬਿਹਾਰ: ਸੂਬੇ ਵਿਚ ਭਿਆਨਕ ਬੁਖ਼ਾਰ ਨਾਲ ਅੱਜ ਸ਼ਨੀਵਾਰ ਨੂੰ ਵੀ 7 ਬੱਚਿਆਂ ਦੀ ਮੌਤ ਹੋ ਗਈ ਹੈ। ਹੁਣ ਤੱਕ 24 ਦਿਨਾਂ ਵਿਚ ਕਰੀਬ 70 ਮੌਤਾਂ ਹੋ ਗਈਆਂ ਹਨ। ‘ਚਮਕੀ’ ਬੁਖ਼ਾਰ ਜਾਂ ਇੰਸੇਫਿਲਾਈਟਿਸ ਨਾਂਅ ਦੀ ਬਿਮਾਰੀ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀ। ਮੁਜ਼ੱਫ਼ਰਪੁਰ ਵਿਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੁਣ 69 ਪਹੁੰਚ ਗਈ ਹੈ। ਬਿਹਾਰ ਦੇ ਮੁਜ਼ੱਫਰਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਬਿਮਾਰ ਬੱਚਿਆਂ ਨਾਲ ਭਰੇ ਹੋਏ ਹਨ।

ਮੁਜ਼ੱਫ਼ਰਪੁਰ  ਦੇ ਸਿਵਲ ਸਰਜਨ ਡਾਕਟਰ ਸ਼ੈਲੇਂਦ ਪ੍ਰਸਾਦ ਨੇ ਕਿਹਾ ਕਿ ਐਕਿਊਟ ਇੰਸੇਫਿਲਾਈਟਿਸ ਸਿੰਡਰੋਮ ਨਾਲ 69 ਬੱਚਿਆਂ ਦੀ ਮੌਤ ਹੋਈ ਹੈ, ਜਿਸ ਵਿਚ 58 ਬੱਚਿਆਂ ਦੀ ਮੌਤ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਰਜ ਵਿਚ ਅਤੇ ਮੁਜ਼ੱਫ਼ਰਪੁਰ  ਦੇ ਕੇਜਰੀਵਾਰ ਹਸਪਤਾਲ ਵਿਚ 11 ਬੱਚਿਆਂ ਦੀ ਮੌਤ ਹੋ ਗਈ ਹੈ।ਉਥੇ ਹੀ ਦੂਜੇ ਪਾਸੇ ਕਰੀਬ 100 ਤੋਂ ਵੀ ਜ਼ਿਆਦਾ ਬਿਮਾਰ ਬੱਚੇ ਹਸਪਤਾਲ ਵਿਚ ਭਰਤੀ ਹਨ। ਦੱਸ ਦਈਏ ਕਿ ਸਿਰਫ਼ ਸ਼ਨੀਵਾਰ ਨੂੰ ਦੋਵੇਂ ਹਸਪਤਾਲਾਂ ਨੂੰ ਮਿਲਾ ਕੇ 7 ਹੋਰ ਬੱਚਿਆਂ ਨੇ ਦਮ ਤੋੜਿਆ ਹੈ। 

ਸੂਬਾ ਸਰਕਾਰ ਨੇ ਇੰਸੇਫਿਲਾਈਟਿਸ ਨੂੰ ਦੇਖਦੇ ਹੋਏ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਜਿਸ ਵਿਚ ਲੀਚੀ ਤੋਂ ਸੁਚੇਤ ਰਹਿਣ ਦੇ ਨਾਲ ਨਾਲ ਕਈ ਹਦਾਇਤਾਂ ਵੀ ਜਾਰੀ ਕੀਤੀਆ ਗਈਆਂ ਹਨ। ਇਸ ਦੇ ਨਾਲ ਹੀ ਕੱਚੀ ਲੀਚੀ ਤੋਂ ਵੀ ਪਰਹੇਜ਼ ਰੱਖਣ ਲਈ ਕਿਹਾ ਗਿਆ ਹੈ। ਡਾਕਟਰ ਅਤੇ ਸਰਕਾਰੀ ਅਧਿਕਾਰੀ ਬੱਚਿਆਂ ਦੀ ਮੌਤ ਦਾ ਕਾਰਨ ਸਿੱਧੇ ਤੌਰ ‘ਤੇ ਇੰਸੇਫਿਲਾਈਟਿਸ ਕਹਿਣ ਤੋਂ ਬਚ ਰਹੇ ਹਨ। ਮੌਤ ਦਾ ਕਾਰਨ ਪਹਿਲਾਂ ਖ਼ੂਨ ਵਿਚ ਅਚਾਨਕ ਸ਼ੂਗਰ ਦੀ ਕਮੀ ਜਾਂ ਸੋਡੀਅਮ ਦੀ ਕਮੀ ਦੱਸੀ ਗਈ ਸੀ।

ਬਿਹਾਰ ਦੇ ਮੁਜ਼ੱਫ਼ਰਪੁਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਚਮਕੀ ਬੁਖ਼ਾਰ ਦੀ ਦਹਿਸ਼ਤ ਹੈ। ਐਕਿਊਟ ਇੰਸੇਫਿਲਾਈਟਿਸ ਸਿੰਡਰੋਮ ਜਾਂ ਦਿਮਾਗੀ ਬੁਖ਼ਾਰ ਨੂੰ ‘ਚਮਕੀ’ ਬੁਖ਼ਾਰ ਕਿਹਾ ਜਾਂਦਾ ਹੈ। ਇਹ ਬਿਮਾਰੀ ਜੁਲਾਈ ਤੋਂ ਅਕਤੂਬਰ ਵਿਚਕਾਰ ਹੁੰਦੀ ਹੈ। ਸਰਕਾਰੀ ਅੰਕੜਿਆਂ ਨਾਲ ਬਣਾਈ ਗਈ ਦੂਜੀ ਰਿਪੋਰਟ ਮੁਤਾਬਕ ਪਿਛਲੇ 3 ਦਹਾਕਿਆਂ ਵਿਚ ਕਰੀਬ 50 ਹਜ਼ਾਰ ਬੱਚੇ ਇਸ ਬਿਮਰੀ ਦਾ ਸ਼ਿਕਾਰ ਹੋਏ ਹਨ।