ਨਵੰਬਰ ਵਿਚ ਕੋਵਿਡ-19 ਮਹਾਂਮਾਰੀ ਸਿਖਰ 'ਤੇ ਪਹੁੰਚ ਸਕਦੀ ਹੈ: ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ਨੇ ਮਹਾਂਮਾਰੀ ਦੇ ਸਿਖਰ ਨੂੰ ਅੱਗੇ ਵਧਾ ਦਿਤਾ, ਬਿਸਤਰਿਆਂ ਅਤੇ ਵੈਂਟੀਲੇਟਰਾਂ ਦੀ ਘਾਟ ਹੋਣ ਦਾ ਖ਼ਦਸ਼ਾ

Covid 19

ਨਵੀਂ ਦਿੱਲੀ: ਭਾਰਤ ਵਿਚ ਕੋਵਿਡ-19 ਮਹਾਮਾਰੀ ਮੱਧ ਨਵੰਬਰ ਵਿਚ ਅਪਣੇ ਸਿਖਰ 'ਤੇ ਪਹੁੰਚ ਸਕਦੀ ਹੈ ਜਿਸ ਦੌਰਾਨ 'ਆਈਸੀਯੂ ਬੈਡ' ਅਤੇ 'ਵੈਂਟੀਲੇਟਰਾਂ' ਦੀ ਘਾਟ ਪੈ ਸਕਦੀ ਹੈ। ਤਾਜ਼ਾ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਅਧਿਐਨ ਮੁਤਾਬਕ ਤਾਲਾਬੰਦੀ ਕਾਰਨ ਕੋਵਿਡ-19 ਮਹਾਮਾਰੀ ਅੱਠ ਹਫ਼ਤੇ ਦੇਰ ਨਾਲ ਅਪਣੇ ਸਿਖਰ 'ਤੇ ਪੁੱਜੇਗੀ। ਇੰਡੀਅਨ ਮੈਡੀਕਲ ਰਿਸਰਚ ਕੌਂਸਲ (ਆਈਸੀਐਮਆਰ) ਦੁਆਰਾ ਬਣਾਏ ਗਏ 'ਆਪਰੇਸ਼ਨਜ਼ ਰਿਸਰਚ ਗਰੁਪ' ਦੇ ਅਧਿਐਨਕਾਰਾਂ ਦੁਆਰਾ ਕੀਤੇ ਗਏ ਅਧਿਐਨ ਵਿਚ ਕਿਹਾ ਗਿਆ ਹੈ ਕਿ ਤਾਲਾਬੰਦੀ ਨੇ ਮਹਾਂਮਾਰੀ ਦੇ ਸਿਖਰ 'ਤੇ ਪਹੁੰਚਣ ਨੂੰ ਸ਼ਾਇਦ 34 ਤੋਂ 76 ਦਿਨਾਂ ਤਕ ਅੱਗੇ ਵਧਾ ਦਿਤਾ।

ਇਸ ਤੋਂ ਇਲਾਵਾ, ਤਾਲਾਬੰਦੀ ਨੇ ਲਾਗ ਦੇ ਮਾਮਲਿਆਂ ਵਿਚ 69 ਤੋਂ 97 ਫ਼ੀ ਸਦੀ ਤਕ ਕਮੀ ਕਰ ਦਿਤੀ ਜਿਸ ਨਾਲ ਸਿਹਤ ਪ੍ਰਬੰਧ ਨੂੰ ਸਾਧਨ ਜੁਟਾਉਣ ਅਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਵਿਚ ਮਦਦ ਮਿਲੀ। ਤਾਲਾਬੰਦੀ ਮਗਰੋਂ ਜਨ ਸਿਹਤ ਉਪਾਵਾਂ ਨੂੰ ਵਧਾਏ ਜਾਣ ਅਤੇ ਇਸ ਦੇ 60 ਫ਼ੀ ਸਦੀ ਕਾਰਗਰ ਰਹਿਣ ਦੀ ਹਾਲਤ ਵਿਚ ਮਹਾਮਾਰੀ ਨਵੰਬਰ ਦੇ ਪਹਿਲੇ ਹਫ਼ਤੇ ਤਕ ਅਪਣੇ ਸਿਖਰ 'ਤੇ ਪਹੁੰਚ ਸਕਦੀ ਹੈ। ਇਸ ਤੋਂ ਬਾਅਦ। 5.4 ਮਹੀਨਿਆਂ ਲਈ ਆਈਸੋਲੇਸ਼ਨ ਬੈਡ, 4.6 ਮਹੀਨਿਆਂ ਲਈ ਆਈਸੀਯੂ ਬੈਡ ਅਤੇ 3.9 ਮਹੀਨਿਆਂ ਲਈ ਵੈਂਟੀਲੇਟਰ ਘੱਟ ਪੈ ਜਾਣਗੇ।

ਅਧਿਐਨ ਵਿਚ ਇਹ ਅਨੁਮਾਨ ਲਾਇਆ ਗਿਆ ਹੈ। ਉਂਜ, ਲਾਕਡਾਊਨ ਅਤੇ ਜਨ ਸਿਹਤ ਉਪਾਵਾਂ ਬਿਨਾਂ ਹਾਲਾਤ ਹੋਰ ਗੰਭੀਰ ਹੋਣ ਦਾ ਵੀ ਅਨੁਮਾਨ ਲਾਇਆ ਗਿਆ ਹੈ। ਵਿਸ਼ਲੇਸ਼ਣ ਵਿਚ ਦਸਿਆ ਗਿਆ ਹੈ ਕਿ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਲਗਭਗ 60 ਫ਼ੀ ਸਦੀ ਮੌਤਾਂ ਟਾਲੀਆਂ ਗਈਆਂ ਹਨ ਅਤੇ ਇਕ ਤਿਹਾਈ ਮੌਤਾਂ ਨੂੰ ਟਾਲੇ ਜਾਣ ਦਾ ਸਿਹਰਾ ਸਿਹਤ ਸਹੂਲਤ ਉਪਾਵਾਂ ਵਿਚ ਵਾਧੇ ਨੂੰ ਦਿਤਾ ਜਾਂਦਾ ਹੈ। ਖੋਜਕਾਰਾਂ ਨੇ ਕਿਹਾ ਕਿ ਕੋਵਿਡ-19 ਨੂੰ ਕਾਬੂ ਕਰਨ ਨਾਲ ਨੀਤੀਆਂ ਦੀ ਢੁਕਵੀਂ ਸਮੀਖਿਆ ਕਰਨ ਅਤੇ ਸਿਹਤ ਪ੍ਰਬੰਧ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ।

ਕਿਹਾ ਗਿਆ ਹੈ, 'ਤਾਲਾਬੰਦੀ ਮਹਾਮਾਰੀ ਦੇ ਸਿਖਰ 'ਤੇ ਪਹੁੰਚਣ ਵਿਚ ਦੇਰ ਕਰੇਗੀ ਅਤੇ ਸਿਹਤ ਪ੍ਰਣਾਲੀ ਨੂੰ ਜਾਂਚ, ਮਰੀਜ਼ਾਂ ਨੂੰ ਅਲੱਗ ਰੱਖਣ, ਇਲਾਜ ਅਤੇ ਪੀੜਤਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਲਈ ਜ਼ਰੂਰੀ ਸਮਾਂ ਦੇਵੇਗੀ। ਇਹ ਕਘਫਮ ਕੋਵਿਡ-19 ਦਾ ਟੀਕਾ ਤਿਆਰ ਹੋਣ ਤਕ ਭਾਰਤ ਵਿਚ ਮਹਾਮਾਰੀ ਦਾ ਅਸਰ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ।'

ਬੁਨਿਆਦੀ ਸਿਹਤ ਢਾਂਚੇ ਦੀ ਮਜ਼ਬੂਤੀ 'ਤੇ ਜ਼ੋਰ- ਵਿਗਿਆਨੀਆਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਲਈ ਸਰਕਾਰ ਦੁਆਰਾ ਸਖ਼ਤ ਕਦਮ ਚੁਕੇ ਜਾਣ ਅਤੇ ਵੱਖ ਵੱਖ ਖੇਤਰਾਂ ਵਿਚ ਲਾਗ ਦੀ ਦਰ ਵੱਖ ਵੱਖ ਰਹਿਣ ਕਾਰਨ ਮਹਾਮਾਰੀ ਦੇ ਅਸਰ ਨੂੰ ਘਟਾਇਆ ਜਾ ਸਕਦਾ ਹੈ। ਜੇ ਜਨ ਸਿਹਤ ਉਪਾਵਾਂ ਦੇ ਦਾਇਰੇ ਨੂੰ ਵਧਾ ਕੇ 80 ਫ਼ੀ ਸਦੀ ਕਰ ਦਿਤਾ ਜਾਂਦਾ ਹੈ ਤਾਂ ਮਹਾਮਾਰੀ ਦੇ ਅਸਰ ਵਿਚ ਕਮੀ ਲਿਆਂਦੀ ਜਾ ਸਕਦੀ ਹੈ।

ਭਾਰਤ ਵਿਚ ਕੋਵਿਡ-19 ਦੇ ਮਾਡਲ ਆਧਾਰਤ ਵਿਸ਼ਲੇਸ਼ਣ ਮੁਤਾਬਕ ਤਾਲਾਬੰਦੀ ਦੇ ਸਮੇਂ ਦੌਰਾਨ ਜਾਂਚ, ਇਲਾਜ ਅਤੇ ਰੋਗੀਆਂ ਨੂੰ ਅਲੱਗ ਰੱਖਣ ਲਈ ਵਾਧੂ ਸਮਰੱਥਾ ਤਿਆਰ ਕਰਨ ਦੇ ਨਾਲ ਹੀ ਸਿਖਰ 'ਤੇ ਮਾਮਲਿਆਂ ਦੀ ਗਿਣਤੀ 70 ਫ਼ੀ ਸਦੀ ਤਕ ਘੱਟ ਹੋ ਜਾਵੇਗੀ ਅਤੇ ਲਾਗ ਦੇ ਵੱਧ ਰਹੇ ਮਾਮਲੇ ਲਗਭਞ 27 ਫ਼ੀ ਸਦੀ ਘੱਟ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।